ਚੰਡੀਗੜ੍ਹ : ਦਲਜੀਤ ਕੌਰ : ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾ ਕਮੇਟੀ ਨੇ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਨੂੰ ਅਤੇ ਕਿਰਤੀ ਕਿਸਾਨ ਮੋਰਚਾ ਰੋਪੜ ਦੇ ਆਗੂ ਵੀਰ ਸਿੰਘ ਬੜਵਾ ਦੋ ਹੋਰ ਕਿਸਾਨਾਂ ਨੂੰ ਨੰਗਲ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਪੀਐੱਸਯੂ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ, ਮੀਤ ਪ੍ਰਧਾਨ ਅਮਰ ਕ੍ਰਾਂਤੀ ਅਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੰਗਲ ਦੇ ਪਿੰਡ ਭਲਾਣ ਐਕਸੀਡੈਂਟ ਵਿਚ ਇਕ ਸਕੂਲ ਬੱਚੀ ਦੀ ਮੌਤ ਅਤੇ ਦੋ ਬੱਚਿਆਂ ਦੇ ਗੰਭੀਰ ਜਖਮੀ ਤੋਂ ਬਾਅਦ ਲੱਗ ਰਹੇ ਧਰਨੇ ਦੀ ਅਗਵਾਈ ਕਰ ਰਹੇ ਪੀ .ਐਸ .ਯੂ ਦੇ ਸੂਬਾ ਪ੍ਰਧਾਨ ਰਣਬੀਰ ਰੰਧਾਵਾ ਨੂੰ ਪੁਲਿਸ ਵੱਲੋਂ ਸਵੇਰ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਿਸਾਨ ਜਥੇਬੰਦੀਆਂ ਸਮੇਤ ਬਾਕੀ ਇਲਾਕਾ ਨਿਵਾਸੀਆਂ ਦੀਆਂ ਗੱਡੀਆਂ ਨੂੰ ਭਲਾਣ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਿੱਪਰ ਹੇਠਾਂ ਬੱਚੀ ਨੂੰ ਕੁਚਲ ਕੇ ਮਾਰ ਦੇਣ ਖਿਲਾਫ਼ ਕੱਲ ਤੋਂ ਹੀ ਇਨਸਾਫ ਦੀ ਮੰਗ ਲਈ ਲਗਾਏ ਧਰਨਾ ਪ੍ਰਦਰਸ਼ਨ ਨੂੰ ਅਸਫਲ ਕਰਨ ਦੀ ਕੋਸ਼ਿਸ਼ ਵਜੋਂ ਯੂਨੀਅਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਕ ਪਾਸੇ ਪਰਿਵਾਰਾਂ ਨੇ ਆਪਣੇ ਬੱਚੇ ਗਵਾ ਲਏ ਉਨ੍ਹਾਂ ਨੂੰ ਇਨਸਾਫ ਦੇਣ ਦੀ ਬਜਾਏ ਇਨਸਾਫ਼ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਹੀ ਗਿਰਫ਼ਤਾਰ ਕਰ ਲਿਆ ਗਿਆ ਹੈ। ਆਗੂਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਓਵਰਲੋਡਿਡ ਟਿੱਪਰ ਹੇਠ ਮੌਤ ਹੋਈ ਹੈ ਇਸਤੋਂ ਪਹਿਲਾਂ ਵੀ ਕਈ ਬੱਚੇ ਇਨਾਂ ਹੇਠ ਆ ਕਿ ਆਪਣੀ ਜਾਨ ਗਵਾ ਚੁੱਕੇ ਹਨ। ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਸੂਬਾ ਪ੍ਰਧਾਨ ਨੂੰ ਫੌਰੀ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਗਿਆ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਉਸ ਉਪਰ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕਰੇਗੀ।