ਟਾਪੂਨੁਮਾ ਮੁਲਕ ਦੇ ਕੌਮੀ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ
ਪੋਰਟ ਲੂਇਸ : ਆਪਣਾ ਪੰਜਾਬ ਮੀਡੀਆ: ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਨੇ ਅੱਜ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਸਿਖਰਲਾ ਸਨਮਾਨ ‘ਦਿ ਗ੍ਰਾਊਂਡ ਕਮਾਂਡਰ ਆਫ਼ ਆਰਡਰ ਆਫ ਸਟਾਰ ਐਂਡ ਕੀ ਆਫ਼ ਇੰਡੀਅਨ ਓਸ਼ਨ’ ਦਿੱਤਾ ਜਾਵੇਗਾ। ਮੋਦੀ ਇਹ ਮਾਣਮੱਤਾ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹਨ। ਇਹ ਪੁਰਸਕਾਰ ਭਾਰਤ ਤੇ ਮੌਰੀਸ਼ਸ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣ ਦਿੰਦਾ ਹੈ। ਕਿਸੇ ਹੋਰ ਮੁਲਕ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਇਹ 21ਵਾਂ ਕੌਮਾਂਤਰੀ ਪੁਰਸਕਾਰ ਹੈ। ਰਾਮਗੁਲਾਮ ਨੇ ਕਿਹਾ ਕਿ ਮੋਦੀ ਇਹ ਵਿਸ਼ੇਸ਼ ਸਨਮਾਨ ਹਾਸਲ ਕਰਨ ਵਾਲੇ ਪੰਜਵੇਂ ਵਿਦੇਸ਼ੀ ਨਾਗਰਿਕ ਹਨ।
ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਰੋਜ਼ਾ ਫੇਰੀ ਲਈ ਮੌਰੀਸ਼ਸ ਪਹੁੰਚਣ ’ਤੇ ਉਨ੍ਹਾਂ ਦਾ ਹਵਾਈ ਅੱਡੇ ’ਤੇ ਰਸਮੀ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਟਾਪੂਨੁਮਾ ਮੁਲਕ ਦੇ ਨੈਸ਼ਨਲ ਡੇਅ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਮੌਰੀਸ਼ਸ ਦੇ ਸਿਖਰਲੇ ਆਗੂਆਂ ਨਾਲ ਬੈਠਕ ਕਰਨਗੇ। ਮੌਰੀਸ਼ਸ ਵਿਚ ਭਾਰਤੀ ਪਰਵਾਸੀ ਭਾਈਚਾਰੇ ਨੇ ਮੋਦੀ ਦਾ ਰਵਾਇਤੀ ਬਿਹਾਰੀ ਸਭਿਆਚਾਰਕ ਪੇਸ਼ਕਾਰੀ ‘ਗੀਤਾ ਗਾਵਈ’ ਨਾਲ ਸਵਾਗਤ ਕੀਤਾ।