ਖੋਜ ਕਾਰਜਾਂ ’ਤੇ ਪਵੇਗਾ ਅਸਰ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਅਮਰੀਕਾ ਪਹਿਲਾਂ’ ਨੀਤੀ ਤਹਿਤ ਸੱਤ ਆਸਟਰੇਲਿਆਈ ਯੂਨੀਵਰਸਿਟੀਆਂ ਦੀ ਫੰਡਿੰਗ ਵਿੱਚ ਵੱਡੀ ਕਟੌਤੀ ਕੀਤੀ ਹੈ ਜਿਸ ਨਾਲ ਖੋਜ ਕਾਰਜਾਂ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਲੱਖਾਂ ਡਾਲਰਾਂ ਦੀ ਕਟੌਤੀ ਨਾਲ ਆਸਟਰੇਲਿਆਈ ਅਕਾਦਮਿਕ ਭਾਈਚਾਰੇ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸਿੱਖਿਆ ਮੰਤਰੀ ਜੇਸਨ ਕਲੇਅਰ ਅਨੁਸਾਰ ਇਸ ‘ਸਿਆਸੀ ਦਖ਼ਲਅੰਦਾਜ਼ੀ’ ਕਾਰਨ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ, ਯੂਨੀਵਰਸਿਟੀ ਆਫ਼ ਐੱਨਐੱਸਡਬਲਯੂ, ਮੋਨਾਸ਼ ਯੂਨੀਵਰਸਿਟੀ, ਮੈਕਵੇਰੀ ਯੂਨੀਵਰਸਿਟੀ, ਡਾਰਵਿਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਵੈਸਟਰਨ ਆਸਟਰੇਲੀਆ ਲਈ ਅਮਰੀਕੀ ਸਰਕਾਰ ਵੱਲੋਂ ਫੰਡਿੰਗ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਨਾਲ ਲਗਭਗ 60 ਕਰੋੜ ਡਾਲਰ ਦੀ ਖੋਜ ਫੰਡਿੰਗ ’ਤੇ ਅਸਰ ਪੈ ਸਕਦਾ ਹੈ।