ਵਾਸ਼ਿੰਗਟਨ: ਆਪਣਾ ਪੰਜਾਬ ਮੀਡੀਆ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨਾਲ ਵਪਾਰ ਮੁੜ ਸ਼ੁਰੂ ਕਰਨ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ। ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ, ‘‘ਪਿਛਲੇ ਇਕ ਸਾਲ ਤੋਂ ਪਾਕਿਸਤਾਨ ਨਾਲ ਵਪਾਰ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਨਾ ਹੀ ਪਾਕਿਸਤਾਨ ਨੇ ਇਸ ਬਾਰੇ ਕੋਈ ਪਹਿਲ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਨਾਲ ਕਦੇ ਵੀ ਵਪਾਰ ਨਹੀਂ ਰੋਕਿਆ ਸੀ ਅਤੇ ਇਸ ਬਾਰੇ ਫ਼ੈਸਲਾ ਪਾਕਿਸਤਾਨ ਸਰਕਾਰ ਨੇ 2019 ’ਚ ਲਿਆ ਸੀ।
ਜੈਸ਼ੰਕਰ ਨੇ ਕਿਹਾ ਕਿ ਸ਼ੁਰੂ ਤੋਂ ਹੀ ਭਾਰਤ ਚਾਹੁੰਦਾ ਸੀ ਕਿ ਉਸ ਨੂੰ ਸਭ ਤੋਂ ਪਸੰਦੀਦਾ ਮੁਲਕ ਦਾ ਦਰਜਾ ਮਿਲਣਾ ਚਾਹੀਦਾ ਹੈ ਅਤੇ ਭਾਰਤ ਵੱਲੋਂ ਪਾਕਿਸਤਾਨ ਨੂੰ ਇਹ ਦਰਜਾ ਦਿੱਤਾ ਜਾਂਦਾ ਸੀ ਪਰ ਉਨ੍ਹਾਂ ਇਹ ਦਰਜਾ ਸਾਨੂੰ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਵਾਲੀ ਧਾਰਾ 370 ਰੱਦ ਕੀਤੇ ਜਾਣ ਮਗਰੋਂ ਅਗਸਤ 2019 ’ਚ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਤਤਕਾਲੀ ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਸਾਰੇ ਦੁਵੱਲੇ ਕਾਰੋਬਾਰੀ ਸਬੰਧ ਤੋੜ ਲਏ ਸਨ।