ਪ੍ਰਯਾਗਰਾਜ : ਆਪਣਾ ਪੰਜਾਬ ਮੀਡੀਆ : ਮਹਾਕੁੰਭ ਦੇ ਦੂਜੇ ਇਸ਼ਨਾਨ ਮਾਘ ਦੀ ਸੰਗਰਾਂਦ ਮੌਕੇ ਅੱਜ ਅਖਾੜਿਆਂ ਦੇ ਸਾਧੂ-ਸੰਤਾਂ ਦਾ ਅੰਮ੍ਰਿਤ ਇਸ਼ਨਾਨ ਕੀਤਾ। ਇਸੇ ਵਿਚਾਲੇ ਅੱਜ 3.50 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ ਤੇ ਸੰਗਮ ’ਚ ਇਸ਼ਨਾਨ ਕੀਤਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਭ ਨੂੰ ਸੰਗਰਾਂਦ ਦੀ ਵਧਾਈ ਦਿੱਤੀ ਹੈ। ਅਖਾੜਿਆਂ ਦੇ ਅੰਮ੍ਰਿਤ ਇਸ਼ਨਾਨ ’ਚ ਸਭ ਤੋਂ ਪਹਿਲਾਂ ਸ੍ਰੀ ਪੰਚਾਇਤੀ ਅਖਾੜਾ ਮਹਾਨਿਰਵਾਣੀ ਅਤੇ ਸ੍ਰੀ ਸ਼ੰਭੂ ਪੰਚਾਇਤੀ ਅਟਲ ਅਖਾੜਾ ਦੇ ਸਾਧੂ-ਸੰਤਾਂ ਨੇ ਸੰਗਮ ’ਚ ਇਸ਼ਨਾਨ ਕੀਤਾ।
ਤ੍ਰਿਵੈਣੀ ਸੰਗਮ ਦੇ ਬਰਫੀਲੇ ਪਾਣੀ ਨਾਲ ਅੰਮ੍ਰਿਤ ਇਸ਼ਨਾਨ ਤੜਕੇ ਤਕਰੀਬਨ 3 ਵਜੇ ‘ਬ੍ਰਹਮ ਮਹੂਰਤ’ ’ਚ ਸ਼ੁਰੂ ਹੋਇਆ। ਅੰਮ੍ਰਿਤ ਇਸ਼ਨਾਨ ਮਗਰੋਂ ਮਹਾਨਿਰਵਾਣੀ ਅਖਾੜੇ ਦੇ ਮਹਾਮੰਡਲੇਸ਼ਵਰ ਚੇਤਨਗਿਰੀ ਜੀ ਮਹਾਰਾਜ ਨੇ ਕਿਹਾ, ‘ਹਰ 12 ਸਾਲ ’ਚ ਪੂਰਨ ਕੁੰਭ ਪ੍ਰਯਾਗਰਾਜ ’ਚ ਹੁੰਦਾ ਹੈ ਅਤੇ 12 ਪੂਰਨ ਕੁੰਭ ਹੋਣ ’ਤੇ 144 ਸਾਲ ਬਾਅਦ ਇਹ ਮਹਾਕੁੰਭ ਆਉਂਦਾ ਹੈ। ਬਹੁਤ ਕਿਸਮਤ ਵਾਲੇ ਲੋਕਾਂ ਨੂੰ ਮਹਾਕੁੰਭ ’ਚ ਇਸ਼ਨਾਨ ਕਰਨ ਦਾ ਮੌਕਾ ਮਿਲਦਾ ਹੈ।ਇਨ੍ਹਾਂ ਤੋਂ ਬਾਅਦ ਤਪੋਨਿਧੀ ਪੰਚਾਇਤੀ ਸ੍ਰੀ ਨਿਰੰਜਨੀ ਅਖਾੜਾ ਤੇ ਆਨੰਦ ਅਖਾੜਾ ਦੇ ਸਾਧੂ-ਸੰਤਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ।
ਸੰਨਿਆਸੀ ਅਖਾੜਿਆਂ ਮਗਰੋਂ ਤਿੰਨ ਬੈਰਾਗੀ ਅਖਾੜਿਆਂ ਸ੍ਰੀ ਪੰਚ ਨਿਰਮੋਹੀ ਅਨੀ ਅਖਾੜਾ, ਸ੍ਰੀ ਪੰਚ ਦਿਗੰਬਰ ਅਨੀ ਅਖਾੜਾ ਅਤੇ ਸ੍ਰੀ ਪੰਚ ਨਿਰਵਾਣੀ ਅਨੀ ਅਖਾੜਾ ਨੇ ਵਾਰੀ-ਵਾਰੀ ਇਸ਼ਨਾਨ ਕੀਤਾ। ਇਸ ਮਗਰੋਂ ਉਦਾਸੀਨ ਅਖਾੜਿਆਂ ਪੰਚਾਇਤੀ ਨਯਾ ਉਦਾਸੀਨ ਤੇ ਪੰਚਾਇਤੀ ਬੜਾ ਉਦਾਸੀਨ ਅਖਾੜੇ ਨੇ ਇਸ਼ਨਾਨ ਕੀਤਾ।