ਲਤਾਕੀਆ ੲਿਲਾਕੇ ਵਿੱਚ ਬਿਜਲੀ ਤੇ ਪਾਣੀ ਦੀ ਸਪਲਾਈ ਠੱਪ
ਬੈਰੂਤ : ਆਪਣਾ ਪੰਜਾਬ ਮੀਡੀਆ : ਸੀਰੀਆ ਦੇ ਗੱਦੀਓਂ ਲਾਹੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਵਫ਼ਾਦਾਰਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਦੋ ਦਿਨਾਂ ਤੱਕ ਜਾਰੀ ਝੜਪਾਂ ਅਤੇ ਉਸ ਤੋਂ ਬਾਅਦ ਜਵਾਬੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੱਧ ਗਈ ਹੈ। ਮ੍ਰਿਤਕਾਂ ਵਿੱਚ ਲਗਪਗ 750 ਆਮ ਨਾਗਰਿਕ ਹਨ। ਮਨੁੱਖੀ ਅਧਿਕਾਰ ਸੰਗਠਨ ਨੇ ਇਹ ਜਾਣਕਾਰੀ ਦਿੱਤੀ। ਸੀਰੀਆ ਵਿੱਚ 14 ਸਾਲ ਪਹਿਲਾਂ ਸ਼ੁਰੂ ਹੋਏ ਸੰਘਰਸ਼ ਮਗਰੋਂ ਇਹ ਹਿੰਸਾ ਦੀਆਂ ਸਭ ਤੋਂ ਘਾਤਕ ਘਟਨਾਵਾਂ ਵਿੱਚੋਂ ਇੱਕ ਹੈ। ਬਰਤਾਨੀਆ ਸਥਿਤ ‘ਸੀਰੀਅਨ ਅਬਜ਼ਰਵੇਟਰੀ ਫਾਰ ਹਿਊਮਨ ਰਾਈਟਸ’ ਨੇ ਕਿਹਾ ਕਿ 745 ਨਾਗਰਿਕਾਂ ਤੋਂ ਇਲਾਵਾ ਸਰਕਾਰੀ ਸੁਰੱਖਿਆ ਬਲਾਂ ਦੇ 125 ਮੈਂਬਰ ਅਤੇ ਗੱਦੀਓਂ ਲਾਹੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨਾਲ ਜੁੜੇ ਹਥਿਆਰਬੰਦ ਗਰੁੱਪਾਂ ਦੇ 148 ਕੱਟੜਪੰਥੀ ਵੀ ਮਾਰੇ ਗਏ। ਮਨੁੱਖੀ ਅਧਿਕਾਰ ਸੰਗਠਨ ਨੇ ਦੱਸਿਆ ਕਿ ਤੱਟਵਰਤੀ ਸ਼ਹਿਰ ਲਤਾਕੀਆ ਦੇ ਆਲੇ-ਦੁਆਲੇ ਵੱਡੇ ਖੇਤਰਾਂ ਵਿੱਚ ਬਿਜਲੀ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋ ਗਈ ਅਤੇ ਬਹੁਤ ਸਾਰੀਆਂ ਬੇਕਰੀਆਂ ਬੰਦ ਹੋ ਗਈਆਂ।