ਆਪਣਾ ਪੰਜਾਬ ਮੀਡੀਆ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਕੁਮਾਰ ਨੇ ਜਨਤਾ ਦਲ (ਯੂ) ਵਿੱਚ ਰਸਮੀ ਤੌਰ ’ਤੇ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਅੱਜ ਕਿਹਾ ਕਿ ਉਹ ਅਗਾਮੀ ਦਿਨਾਂ ’ਚ ਸੂਬੇ ਦੇ ਸਾਰੇ 38 ਜ਼ਿਲ੍ਹਿਆਂ ਦੀ ਯਾਤਰਾ ਸ਼ੁਰੂ ਕਰੇਗਾ। ਨਿਸ਼ਾਂਤ ਕੁਮਾਰ ਨੇ ਇੱਥੇ ਆਪਣੀ ਮਾਂ ਮੰਜੂ ਸਿਨਹਾ ਦੇ ਨਾਮ ’ਤੇ ਬਣੇ ਪਾਰਕ ’ਚ ਉਨ੍ਹਾਂ ਦੇ ਬੁੱਤ ਨੂੰ ਹਾਰ ਪਹਿਨਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰਸਤਾਵਿਤ ਦੌਰੇ ਬਾਰੇ ਜਲਦੀ ਫ਼ੈਸਲਾ ਕਰੇਗਾ।
ਉਨ੍ਹਾ ਕਿਹਾ ਕਿ ਮੈਂ ਬਿਹਾਰ ਦੇ ਸਾਰੇ 38 ਜ਼ਿਲ੍ਹਿਆਂ ਦੇ ਦੌਰੇ ਦੀ ਯੋਜਨਾ ਬਣਾ ਰਿਹਾ ਹਾਂ ਅਤੇ ਜਲਦੀ ਹੀ ਇਸ ਬਾਰੇ ਫ਼ੈਸਲਾ ਕਰਾਂਗਾ।’’ ਦੱਸਣਯੋਗ ਹੈ ਕਿ ਅਗਾਮੀ ਰਾਜ ਸਭਾ ਚੋਣਾਂ ਲਈ ਨਿਤੀਸ਼ ਕੁਮਾਰ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਤੋਂ ਬਾਅਦ ਐਤਵਾਰ ਨੂੰ ਨਿਸ਼ਾਂਤ ਕੁਮਾਰ ਜਨਤਾ ਦਲ (ਯੂ) ਵਿੱਚ ਸ਼ਾਮਲ ਹੋਏ ਸਨ। ਪਾਰਟੀ ’ਚ ਸ਼ਾਮਲ ਹੋਣ ਮਗਰੋਂ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਵੱਲੋਂ ਦਿੱਤੀ ਵਧਾਈ ਸਬੰਧੀ ਸਵਾਲ ’ਤੇ ਨਿਸ਼ਾਂਤ ਨੇ ਕਿਹਾ ਕਿ ਇਹ ਵਧੀਆ ਗੱਲ ਹੈ। ਮੈਂ ਵਧਾਈ ਕਬੂਲ ਕਰਦਾ ਹਾਂ।

