ਆਪਣਾ ਪੰਜਾਬ ਮੀਡੀਆ : ਮੁਹਾਲੀ ਵਿੱਚ ਐਤਵਾਰ ਸਵੇਰੇ ਗੜੇਮਾਰੀ ਅਤੇ ਤੇਜ਼ ਤੂਫ਼ਾਨ ਨੇ ਸ਼ਹਿਰ ਦੀ ਬਿਜਲੀ ਸਪਲਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਝੱਖੜ ਨੂੰ ਗੁਜ਼ਰਿਆਂ 30 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਫੇਜ਼-2 ਅਤੇ ਸੈਕਟਰ-54 ਦੇ ਕਈ ਹਿੱਸਿਆਂ ਵਿੱਚ ਹਾਲੇ ਵੀ ਬਿਜਲੀ ਗੁੱਲ ਹੈ। ਖਾਸ ਤੌਰ ’ਤੇ ਘਰ ਨੰਬਰ 147 ਤੋਂ 170 ਅਤੇ 550 ਤੋਂ 653 ਦੇ ਲਗਪਗ 80 ਘਰ ਅਜਿਹੇ ਹਨ ਜਿੱਥੇ ਐਤਵਾਰ ਸਵੇਰ ਤੋਂ ਨਾ ਬਿਜਲੀ ਆਈ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਸਪਲਾਈ ਹੋ ਰਹੀ ਹੈ।
ਸਿਰਫ਼ ਫੇਜ਼-2 ਹੀ ਨਹੀਂ, ਸਗੋਂ ਫੇਜ਼-7, 3ਬੀ1, 3ਬੀ2, ਫੇਜ਼-1 ਅਤੇ ਫੇਜ਼-5 ਵਰਗੇ ਇਲਾਕਿਆਂ ਵਿੱਚ ਵੀ ਲੋਕ ਬਿਜਲੀ ਦੇ ਕੱਟਾਂ ਅਤੇ ਘੱਟ ਵੋਲਟੇਜ (Low Voltage) ਕਾਰਨ ਪ੍ਰੇਸ਼ਾਨ ਹਨ। ਸਾਬਕਾ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਬਿਜਲੀ ਬਹਾਲ ਵੀ ਹੋਈ ਹੈ, ਉੱਥੇ ਸਿਰਫ਼ ‘ਸਿੰਗਲ ਫੇਜ਼’ ਕੁਨੈਕਸ਼ਨ ਹੀ ਚੱਲ ਰਿਹਾ ਹੈ। ਵੋਲਟੇਜ ਵਿੱਚ ਉਤਾਰ-ਚੜ੍ਹਾਅ ਕਾਰਨ ਲੋਕਾਂ ਨੂੰ ਆਪਣੇ ਬਿਜਲੀ ਦੇ ਉਪਕਰਨ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ। ਇੰਟਰਨੈੱਟ ਸੇਵਾਵਾਂ ਵੀ ਦੇਰ ਰਾਤ ਤੱਕ ਪ੍ਰਭਾਵਿਤ ਰਹੀਆਂ।

