ਕਿਸਾਨ ਮੋਰਚੇ ਨੂੰ ਸਾਲ ਪੂਰਾ ਹੋਣ ’ਤੇ ਹੋਣਗੀਆਂ ਮਹਾਂਪੰਚਾਇਤਾਂ
ਪਟਿਆਲਾ/ਪਾਤੜਾਂ : ਆਪਣਾ ਪੰਜਾਬ ਮੀਡੀਆ : ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚੇ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 70ਵੇਂ ਦਿਨ ਵੀ ਜਾਰੀ ਰਿਹਾ। ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠਾਂ 13 ਫਰਵਰੀ ਤੋਂ ਜਾਰੀ ਕਿਸਾਨ ਮੋਰਚੇ ਨੂੰ ਸਾਲ ਪੂਰਾ ਹੋਣ ’ਤੇ ਕੀਤੀਆਂ ਜਾਣ ਵਾਲੀਆਂ ਮਹਾਂਪੰਚਾਇਤਾਂ ਸਬੰਧੀ ਤਿਆਰੀਆਂ ਜਾਰੀ ਹਨ। ਇਸ ਦੌਰਾਨ ਰਾਤਨਪੁਰਾ ਬਾਰਡਰ ’ਤੇ 11 ਫਰਵਰੀ, ਢਾਬੀਗੁੱਜਰਾਂ ਬਾਰਡਰ ’ਤੇ 12 ਅਤੇ ਸ਼ੰਭੂ ਬਾਰਡਰ ’ਤੇ 13 ਫਰਵਰੀ ਨੂੰ ਮਹਾ ਪੰਚਾਇਤ ਕੀਤੀ ਜਾਵੇਗੀ। ਤਿੰਨਾਂ ਥਾਵਾਂ ’ਤੇ ਵੱਡੇ ਇਕੱਠ ਕਰਨ ਦੀ ਯੋਜਨਾ ਤਹਿਤ ਕਿਸਾਨ ਆਗੂਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਨਾ ਸਿਰਫ਼ ਪੰਜਾਬ ਅਤੇ ਹਰਿਆਣਾ ਸਗੋਂ ਪਹਿਲਾਂ ਵਾਂਗ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚੋਂ ਵੀ ਕਿਸਾਨਾਂ ਦੀ ਆਮਦ ਯਕੀਨੀ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।