ਫਰੀਦਕੋਟ : ਫਰੀਦਕੋਟ ‘ਚ ਕਰੀਬ 12 ਘੰਟਿਆਂ ਬਾਅਦ ਮੋਬਾਈਲ ਇੰਟਰਨੈੱਟ ਸੇਵਾ ਮੁੜ ਸ਼ੁਰੂ ਹੋ ਗਈ ਹੈ। ਰਾਤ ਕਰੀਬ 11 ਵਜੇ ਤੋਂ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ ਸਨ। ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਅਜਿਹਾ ਕਦਮ ਚੁੱਕਿਆ ਸੀ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਕੁਝ ਪਿੰਡਾਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਬਾਰੇ ਪੋਸਟਾਂ ਸਾਹਮਣੇ ਆਉਣ ਲੱਗੀਆਂ। ਹਾਲਾਂਕਿ, ਪ੍ਰਸ਼ਾਸਨ ਦੀ ਜਾਂਚ ਦੌਰਾਨ ਕਿਸੇ ਵੀ ਜਗ੍ਹਾ ‘ਤੇ ਅਜਿਹੇ ਧਮਾਕੇ ਨਹੀਂ ਹੋਏ। ਅਜਿਹੀਆਂ ਅਫਵਾਹਾਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਹੁਕਮਾਂ ‘ਤੇ ਅੱਧੀ ਰਾਤ 12:00 ਵਜੇ ਦੇ ਕਰੀਬ ਫਰੀਦਕੋਟ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਹਾਲਾਂਕਿ, ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਚੱਲ ਰਹੀਆਂ ਹਨ ਪਰ ਫਰੀਦਕੋਟ ਵਿੱਚ ਇੰਟਰਨੈੱਟ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ।