ਅਕਾਲੀ ਆਗੂ ਨੇ ਪੇਸ਼ ਹੋਣ ਤੋਂ ਪਹਿਲਾਂ ਗੁਰਦੁਆਰਾ ਦੂਖ ਨਿਵਾਰਣ ਸਾਹਿਬ ’ਚ ਮੱਥਾ ਟੇਕਿਆ
ਪਟਿਆਲਾ : ਆਪਣਾ ਪੰਜਾਬ ਮੀਡੀਆ : ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਲਗਾਤਾਰ ਦੂਜੇ ਦਿਨ ਇੱਥੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ‘ਸਿਟ’ ਅੱਗੇ ਪੇਸ਼ ਹੋਏ ਹਨ। ਵਿਸ਼ੇਸ਼ ਜਾਂਚ ਟੀਮ ਸਾਢੇ ਤਿੰਨ ਸਾਲ ਪੁਰਾਣੇ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਸ੍ਰੀ ਮਜੀਠੀਆ ਨੇ ਇੱਥੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ। ਯਾਦ ਰਹੇ ਕਿ ਸਿਟ ਵੱਲੋਂ ਸੋਮਵਾਰ ਵੀ ਮਜੀਠੀਆ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ ਸੀ। ਇਹ ਪੁੱਛ ਪੜਤਾਲ ਇੱਥੇ ਪੁਲੀਸ ਲਾਈਨ ਸਥਿਤ ‘ਸਿਟ’ ਦੇ ਦਫ਼ਤਰ ਵਿੱਚ ਚੱਲ ਰਹੀ ਹੈ।ਵਿਸ਼ੇਸ਼ ਜਾਂਚ ਟੀਮ ਵਿੱਚ ਜਿੱਥੇ ਹਰਚਰਨ ਸਿੰਘ ਭੁੱਲਰ ਚੇਅਰਮੈਨ ਹਨ, ਉੱਥੇ ਹੀ ਆਈਪੀਐਸ ਵਰੁਣ ਸ਼ਰਮਾ, ਪਟਿਆਲਾ ਦੇ ਐਸਪੀ ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ ਤੇ ਏਡੀਏ ਅਨਮੋਲਜੀਤ ਸਮੇਤ ਕੁਝ ਹੋਰ ਵੀ ਮੈਂਬਰਾਂ ਵਜੋਂ ਸ਼ਾਮਲ ਹਨ। ਇਸ ਮੌਕੇ ਅਕਾਲੀ ਦਲ ਦੇ ਬੁਲਾਰੇ ਅਤੇ ਵਕੀਲ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਬਿਕਰਮ ਸਿੰਘ ਮਜੀਠੀਆ ਨਾਲ ਮੌਜੂਦ ਸਨ।