ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਹਵਾਰਾ ਕਮੇਟੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਕਹਿਣ ’ਤੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ’ਤੇ ਤਸ਼ੱਦਦ ਕੀਤਾ ਹੈ। ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਡਾ. ਸੁਖਦੇਵ ਸਿੰਘ ਬਾਬਾ ਤੇ ਬਲਦੇਵ ਸਿੰਘ ਨਵਾਂ ਪਿੰਡ ਨੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਨਿਖੇਧੀ ਕੀਤੀ। ਇਸੇ ਦੌਰਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਬੰਦੀ ਸਿੰਘ ਰਿਹਾਈ ਮੋਰਚੇ ਵਿੱਚ ਮੁਹਾਲੀ ਜਾਣ ਤੋਂ ਰੋਕਣ ਲਈ ਕਈ ਸਿੱਖ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਦਲ ਖਾਲਸਾ ਦੇ ਆਗੂ ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਤੇ ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਵਾਰਾ ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ, ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਹਰਜੀਤ ਸਿੰਘ ਮੀਆਂਪੁਰ ਦੇ ਘਰਾਂ ਵਿੱਚ ਵੀ ਪੁਲੀਸ ਗਈ।