‘ਆਪ’ ਸੁਪਰੀਮੋ ਨੇ ਭਾਜਪਾ ’ਤੇ ਦਿੱਲੀ ਵਾਸੀਆਂ ਤੋਂ ਸਹੂਲਤਾਂ ਖੋਹਣ ਦਾ ਲਾਇਆ ਦੋਸ਼
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : APP ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ, ਪਾਰਟੀ ਦੇ ਸੰਕਲਪ ਪੱਤਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਆਪਣੇ ਦੋ ਜਾਰੀ ਕੀਤੇ ਸੰਕਲਪ ਪੱਤਰਾਂ ਵਿੱਚ, ਭਾਜਪਾ (ਦਿੱਲੀ ਭਾਜਪਾ) ਨੇ ਸਵੀਕਾਰ ਕੀਤਾ ਹੈ ਅਤੇ ਸਿੱਧੇ ਤੌਰ ‘ਤੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਦੇ ਮੁਹੱਲਾ ਕਲੀਨਿਕਾਂ ਨੂੰ ਬੰਦ ਕਰ ਦੇਣਗੇ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਮੁਫ਼ਤ ਸਿੱਖਿਆ ਨੂੰ ਬੰਦ ਕਰ ਦੇਣਗੇ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਅੱਗੇ ਲਿਖਿਆ ਕਿ ਉਨ੍ਹਾਂ ਪਹਿਲਾਂ ਹੀ ਕਿਹਾ ਸੀ ਕਿ ਭਾਜਪਾ ਦਿੱਲੀ ਚੋਣਾਂ ਸਿਰਫ਼ ਅਤੇ ਸਿਰਫ਼ ਦਿੱਲੀ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਯੋਜਨਾਵਾਂ ਨੂੰ ਰੋਕਣ ਲਈ ਲੜ ਰਹੀ ਹੈ। ਉਨ੍ਹਾਂ ਨੇ ਹੁਣ ਸਵੀਕਾਰ ਕਰ ਲਿਆ ਹੈ ਕਿ ਉਹ ਮੁਫ਼ਤ ਸਿੱਖਿਆ ਲਈ ਲੜ ਰਹੇ ਹਨ ਅਤੇ ਅਸੀਂ ਇਸ ਨੂੰ ਰੋਕਾਂਗੇ।
ਇਸੇ ਦੌਰਾਨ ‘ਆਪ’ ਦੇ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ਦੇ ਸੰਕਲਪ ਪੱਤਰ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਭਾਜਪਾ ਦਾ ਮੈਨੀਫੈਸਟੋ ਗਰੀਬਾਂ ਅਤੇ ਦਿੱਲੀ ਦੇ ਲੋਕਾਂ ਖ਼ਿਲਾਫ਼ ਹੈ। ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਐਲਾਨ ਕੀਤਾ ਹੈ ਕਿ ਉਹ 18 ਲੱਖ ਬੱਚਿਆਂ ਦੀ ਮੁਫ਼ਤ ਸਿੱਖਿਆ ਬੰਦ ਕਰ ਦੇਵੇਗੀ।