ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ 5 ਦਿਨ ਪਹਿਲਾਂ ਬੁੱਧਵਾਰ ਨੂੰ ਓਵਲ ਦਫ਼ਤਰ ਤੋਂ ਵਿਦਾਇਗੀ ਭਾਸ਼ਣ ਦੇਣਗੇ। 20 ਜਨਵਰੀ ਨੂੰ ਅਹੁਦਾ ਛੱਡਣ ਤੋਂ ਪਹਿਲਾਂ ਇਹ ਰਾਸ਼ਟਰਪਤੀ ਵਜੋਂ ਅਮਰੀਕੀਆਂ ਅਤੇ ਦੁਨੀਆਂ ਭਰ ਦੇ ਲੋਕਾਂ ਲਈ ਬਿਡੇਨ ਦਾ ਆਖਰੀ ਭਾਸ਼ਣ ਹੋਵੇਗਾ, ਜੋ ਕਿ ਰਾਤ 8 ਵਜੇ ਸ਼ੁਰੂ ਹੋਵੇਗਾ। ਉਹ ਵਿਦੇਸ਼ ਮੰਤਰਾਲਾ ਵਿੱਚ ਆਪਣੇ ਕਾਰਜਕਾਲ ਦੀ ਵਿਦੇਸ਼ ਨੀਤੀ ਤੇ ਕੇਂਦ੍ਰਿਤ ਭਾਸ਼ਣ ਦੇਣਗੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੇਰਨ ਜੀਨ-ਪੀਅਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਿਡੇਨ ਆਪਣੇ ਭਾਸ਼ਣ ਵਿੱਚ “ਆਪਣੇ 50 ਸਾਲਾਂ ਤੋਂ ਵੱਧ ਦੇ ਜਨਤਕ ਜੀਵਨ” `ਤੇ ਗੱਲ ਕਰਨਗੇ।
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿਚਕਾਰ ਹੋਈ `ਡਿਬੇਟ ਵਿਚ ਬਿਡੇਨ ਦਾ ਪ੍ਰਦਰਸ਼ਨ ਕੁੱਝ ਖਾਸ ਨਹੀਂ ਸੀ, ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਬਾਇਡਨ ਦੇ ਇਸ ਅਹੁਦੇ ਦੀ ਦੌੜ ਤੋਂ ਹਟਣ ਦੀ ਗੱਲ ਕਰਨ ਲੱਗੇ ਸਨ ਅਤੇ ਅੰਤ ਵਿਚ ਬਿਡੇਨ ਨੇ ਟਰੰਪ ਦੇ ਖਿਲਾਫ ਅਮਰੀਕੀ ਰਾਸ਼ਟਰਪਤੀ ਦੀ ਦੌੜ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਸੀ।ਬਿਡੇਨ ਦੀ ਥਾਂ `ਤੇ ਉਪ- ਰਾਸ਼ਟਰਪਤੀ ਕਮਲਾ ਹੈਰਿਸ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਉਮੀਦਵਾਰ ਬਣਾਇਆ ਗਿਆ ਸੀ। ਹਾਲਾਂਕਿ, ਉਨ੍ਹਾਂ ਨੂੰ ਟਰੰਪ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।