ਵਾਂਸ਼ਿੰਗਟਨ: ਆਪਣਾ ਪੰਜਾਬ ਮੀਡਿਆ : ਅਮਰੀਕਾ ਵਿੱਚ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਦੇ ਤਿੰਨ ਹਫਤੇ ਪਹਿਲਾਂ ‘ਐੱਚ-1ਬੀ’ ਵੀਜ਼ੇ ਨੂੰ ਲੈ ਕੇ ਬਹਿਸ ਛਿੜ ਗਈ ਹੈ, ਜਿਸ ਕਾਰਨ ਡੈਮੋਕਰੈਟਿਕ ਅਤੇ ਰੀਪਬਲਿਕਨ ਦੋਵਾਂ ਧਿਰਾਂ ਵਿੱਚ ਮਤਭੇਦ ਪੈਦਾ ਹੋ ਗਏ ਹਨ। ਕੁੱਝ ਡੈਮੋਕਰੈਟਿਕ ਸੰਸਦ ਮੈਂਬਰਾਂ ਵੱਲੋਂ ਇਸ ਵੀਜ਼ੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੁੱਝ ਨੇ ਇਸ ਦੀ ਹਮਾਇਤ ਕੀਤੀ ਹੈ।
ਟਰੰਪ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਐੱਚ-1ਬੀ ਵੀਜ਼ੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦੇ ਦੋ ਨਜ਼ਦੀਕੀਆਂ ਟੈਸਲਾ ਦੇ ਮਾਲਕ ਐਲਨ ਮਸਕ ਅਤੇ ਸਨਅਤਕਾਰ ਵਿਵੇਕ ਰਾਮਾਸਵਾਮੀ ਵੀ ‘ਐੱਚ-1ਬੀ’ ਦਾ ਸਮਰਥਨ ਕਰ ਰਹੇ ਹਨ। ਟਰੰਪ ਨੇ ਨਵੇਂ ਸਾਲ ਦੀ ਪੂਰਬਲੀ ਸੰਧਿਆ ’ਤੇ ਇੱਕ ਸਮਾਗਮ ਵਿੱਚ ਪੱਤਰਕਾਰਾਂ ਨਾਲ ਗੱਲਾਬਤ ਕਰਦਿਆਂ ਕਿਹਾ ਕਿ ਮੈਨੂੰ ਹਮੇਸ਼ਾ ਲੱਗਦਾ ਰਿਹਾ ਹੈ ਕਿ ਸਾਡੇ ਦੇਸ਼ ਵਿੱਚ ਸਭ ਤੋਂ ਕਾਬਲ ਲੋਕ ਹੋਣੇ ਚਾਹੀਦੇ ਹਨ।
ਰੋ ਖੰਨਾ, ਰਾਜਾ ਕ੍ਰਿਸ਼ਨਾਮੂਰਤੀ ਅਤੇ ਸ੍ਰੀ ਥਾਣੇਦਾਰ ਸਮੇਤ ਭਾਰਤੀ ਅਮਰੀਕੀ ਡੈਮੋਕਰੈਟਿਕ ਸੰਸਦ ਮੈਂਬਰ ਵੀ ਐੱਚ-1ਬੀ ਵੀਜ਼ੇ ਦੇ ਸਮਰਥਨ ’ਚ ਆਏ ਹਨ। ਟਰੰਪ ਦੇ ਕੁਝ ਸਮਰਥਕਾਂ ਦਾ ਕਹਿਣਾ ਹੈ ਕਿ ਐੱਚ-1ਬੀ ਵੀਜ਼ੇ ਕਾਰਨ ਅਮਰੀਕੀਆਂ ਦੀਆਂ ਨੌਕਰੀਆਂ ਖਤਮ ਹੋ ਰਹੀਆਂ ਹਨ ਪਰ ਮਸਕ ਅਤੇ ਰਾਮਾਸਵਾਮੀ ਨੇ ਇਸ ਦਾ ਸਮਰਥਨ ਕੀਤਾ ਹੈ। ਡੈਮੋਕਰੈਟਿਕ ਸੈਨੇਟਰ ਬਰਨੀ ਸੈਂਡਰਸ ਵੱਲੋਂ ਇਸ ਵੀਜ਼ੇ ਦਾ ਵਿਰੋਧ ਕੀਤਾ ਜਾ ਰਿਹਾ ਹੈ।