ਜਹਾਜ਼ ਵਿਚ ਬਿਠਾਉਣ ਦੀ ਥਾਂ ਜੰਗਲਾਂ ਤੇ ਸਮੁੰਦਰਾਂ ਵਿਚੋਂ ਲੰਘਾਇਆ
ਜੰਡਿਆਲਾ ਗੁਰੂ : ਆਪਣਾ ਪੰਜਾਬ ਮੀਡੀਆ : ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਕੇ ਅਮਰੀਕਾ ਤੋਂ ਡਿਪੋਰਟ ਹੋ ਕੇ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਦੀ ਪੱਤੀ ਹਿੰਦੂ ਕੀ ਦਾ ਵਸਨੀਕ ਨੌਜਵਾਨ ਜਤਿੰਦਰ ਸਿੰਘ ਆਪਣੇ ਘਰ ਪਹੁੰਚਿਆ ਤੇ ਭਵਿੱਖ ਲਈ ਭਾਰੀ ਪਰੇਸ਼ਾਨੀ ਅਤੇ ਚਿੰਤਾ ਦੇ ਆਲਮ ਵਿੱਚ ਦਿਖਾਈ ਦਿੱਤਾ। ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚ ਕੇ ਤੇ ਕਰੀਬ ਛੇ ਮਹੀਨੇ ਬਾਅਦ ਭਰ ਪੇਟ ਖਾਣਾ ਖਾਧਾ। ਡਿਪੋਰਟ ਹੋ ਕੇ ਅਮਰੀਕਾ ਤੋਂ ਆਪਣੇ ਘਰ ਪੁੱਜੇ ਜਤਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਉਸਦੇ ਪਰਿਵਾਰ ਵਿੱਚ ਉਸ ਤੋਂ ਇਲਾਵਾ ਉਸਦੀਆਂ ਦੋ ਭੈਣਾਂ ਅਤੇ ਮਾਤਾ ਪਿਤਾ ਹਨ ਅਤੇ ਉਨ੍ਹਾਂ ਕੋਲ ਸਿਰਫ ਇੱਕ ਕਿੱਲਾ ਜ਼ਮੀਨ ਦਾ ਸੀ ਅਤੇ ਇੱਥੇ ਕੋਈ ਨੌਕਰੀ ਅਤੇ ਕਾਰੋਬਾਰ ਨਾ ਹੋਣ ਕਾਰਨ ਉਹ ਆਪਣੇ ਭਵਿੱਖ ਅਤੇ ਪਰਿਵਾਰ ਦੀ ਬਿਹਤਰੀ ਦੇ ਸੁਪਨੇ ਲੈ ਕੇ ਆਪਣੀ ਜ਼ਮੀਨ ਤੇ ਆਪਣੀਆਂ ਭੈਣਾਂ ਦੇ ਵਿਆਹ ਲਈ ਬਣਾਇਆ ਗਹਿਣਾ ਵੇਚ ਕੇ 17 ਸਤੰਬਰ 2024 ਨੂੰ ਅਮਰੀਕਾ ਰਵਾਨਾ ਹੋਇਆ ਸੀ।