ਪੁੱਤਰ ਨੂੰ ਅਮਰੀਕਾ ਭੇਜਣ ਲਈ ਪਰਿਵਾਰ ਨੇ ਵੇਚੀ ਡੇਢ ਏਕੜ ਜ਼ਮੀਨ ਤੇ ਘਰ ਗਹਿਣੇ ਰੱਖਿਆ
ਧਰਮਕੋਟ : ਆਪਣਾ ਪੰਜਾਬ ਮੀਡੀਆ : ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਪਰਤੇ ਪਿੰਡ ਪੰਡੋਰੀ ਅਰਾਈਆਂ ਦੇ ਨੌਜਵਾਨ ਜਸਵਿੰਦਰ ਸਿੰਘ (22) ਨੂੰ ਆਪਣਾ ਭਵਿੱਖ ਹੁਣ ਧੁੰਦਲਾ ਦਿਖਾਈ ਦੇ ਰਿਹਾ ਹੈ। ਡੇਢ ਮਹੀਨਾ ਪਹਿਲਾਂ ਇਹ ਨੌਜਵਾਨ 45 ਲੱਖ ਰੁਪਏ ਖਰਚਣ ਦੇ ਬਾਵਜੂਦ ਡੰਕੀ ਲਗਾ ਕੇ ਅਮਰੀਕਾ ਪੁੱਜਾ ਸੀ। ਅਮਰੀਕਾ ਜਾਣ ਲਈ ਉਸ ਨੇ ਆਪਣੀ ਸਾਰੀ ਡੇਢ ਏਕੜ ਜ਼ਮੀਨ ਵੇਚ ਦਿੱਤੀ ਅਤੇ ਘਰ ਗਹਿਣੇ ਰੱਖ ਦਿੱਤਾ। ਪਰਿਵਾਰ ’ਚ ਉਹ ਸਭ ਤੋਂ ਵੱਡਾ ਹੈ ਅਤੇ ਉਸ ਦੇ ਚਾਰ ਹੋਰ ਭੈਣ ਭਰਾ ਹਨ। 27 ਜਨਵਰੀ ਨੂੰ ਉਹ ਸਰਹੱਦ ਟੱਪ ਕੇ ਅਮਰੀਕਾ ਦਾਖਲ ਹੋ ਗਿਆ ਤੇ ਉਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਉਥੇ ਉਹ ਅਮਰੀਕੀ ਪੁਲੀਸ ਦੇ ਹਿਰਾਸਤੀ ਕੈਂਪ ਵਿੱਚ ਰਿਹਾ ਅਤੇ ਹੁਣ ਵਾਪਸ ਭੇਜ ਦਿੱਤਾ ਗਿਆ।