ਹਮਾਸ ਨੇ ਵੀ ਹਾਂ-ਪੱਖੀ ਸੰਕੇਤ ਦਿੱਤੇ
ਦੀਰ ਅਲ-ਬਲਾਹ : ਆਪਣਾ ਪੰਜਾਬ ਮੀਡੀਆ : ਇਜ਼ਰਾਈਲ ਨੇ ਕਿਹਾ ਹੈ ਕਿ ਗਾਜ਼ਾ ’ਚ ਜੰਗਬੰਦੀ ਦੇ ਦੂਜੇ ਪੜਾਅ ਦੀ ਵਾਰਤਾ ਪਹਿਲਾਂ ਸ਼ੁਰੂ ਕਰਾਉਣ ਦੀਆਂ ਕੋਸ਼ਿਸ਼ਾਂ ਤਹਿਤ ਉਹ ਆਪਣਾ ਵਫ਼ਦ ਸੋਮਵਾਰ ਨੂੰ ਕਤਰ ਭੇਜੇਗਾ। ਦੂਜੇ ਗੇੜ ਦੀ ਸ਼ਾਂਤੀ ਵਾਰਤਾ ਸ਼ੁਰੂ ਹੋਣ ’ਚ ਦੇਰੀ ਮਗਰੋਂ ਹਮਾਸ ਨੇ ਵੀ ਮਿਸਰ ਅਤੇ ਕਤਰ ਦੇ ਵਿਚੋਲਿਆਂ ਨਾਲ ਗੱਲਬਾਤ ’ਚ ਹਾਂ-ਪੱਖੀ ਸੰਕੇਤ ਦਿੱਤੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕੋਈ ਵੇਰਵੇ ਜਾਰੀ ਨਹੀਂ ਕੀਤੇ ਹਨ ਪਰ ਇੰਨਾ ਜ਼ਰੂਰ ਆਖਿਆ ਹੈ ਕਿ ਉਨ੍ਹਾਂ ਅਮਰੀਕਾ ਦੀ ਹਮਾਇਤ ਵਾਲੇ ਵਿਚੋਲਿਆਂ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਹਮਾਸ ਦੇ ਤਰਜਮਾਨ ਅਬਦੇਲ-ਲਤੀਫ਼ ਅਲ-ਕਾਨੋਆ ਨੇ ਵੀ ਕੋਈ ਵੇਰਵੇ ਨਹੀਂ ਦਿੱਤੇ ਹਨ। ਉਂਜ ਜੰਗਬੰਦੀ ਸਬੰਧੀ ਵਾਰਤਾ ਦਾ ਦੂਜਾ ਪੜਾਅ ਇਕ ਮਹੀਨਾ ਪਹਿਲਾਂ ਸ਼ਰੂ ਹੋ ਜਾਣਾ ਚਾਹੀਦਾ ਸੀ।