ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਸਿਆ ਕਿ ਇਰਾਨ ਨੇ ਹੋਰਮੁਜ਼ ਜਲ ਮਾਰਗ ਰਾਹੀਂ ਕੁਝ ਤੇਲ ਟੈਂਕਰਾਂ ਨੂੰ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ। ਟਰੰਪ ਨੇ ਇਸ ਨੂੰ ਤਹਿਰਾਨ ਵੱਲੋਂ ਗੱਲਬਾਤ ਸ਼ੁਰੂ ਕਰਨ ਦੇ ਮਕਸਦ ਨਾਲ ਦਿਖਾਈ ਗਈ ਇੱਕ ਸਕਾਰਾਤਮਕ ਪਹਿਲ ਦੱਸਿਆ ਹੈ। ਪਿਛਲੇ ਕਈ ਦਿਨਾਂ ਤੋਂ ਇਸ ਰਸਤੇ ‘ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਸੀ ਪਰ ਹੁਣ ਇਰਾਨ ਦੇ ਇਸ ਫੈਸਲੇ ਨੇ ਤਣਾਅ ਘਟਾਉਣ ਦੀ ਉਮੀਦ ਜਗਾਈ ਹੈ।
ਭਾਵੇਂ ਅਮਰੀਕਾ ਨੇ ਪਹਿਲਾਂ ਇਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਸੀ ਪਰ ਹੁਣ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਟਰੰਪ ਦਾ ਮੰਨਣਾ ਹੈ ਕਿ ਤੇਲ ਟੈਂਕਰਾਂ ਨੂੰ ਲੰਘਣ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਇਰਾਨ ਹੁਣ ਸ਼ਾਂਤੀ ਸਮਝੌਤੇ ਅਤੇ 15-ਨੁਕਾਤੀ ਪ੍ਰਸਤਾਵ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਇਸ ਦੌਰਾਨ ਖਾੜੀ ਦੇਸ਼ਾਂ ਵਿੱਚ ਸੁਰੱਖਿਆ ਪ੍ਰਬੰਧ ਅਜੇ ਵੀ ਸਖ਼ਤ ਹਨ ਅਤੇ ਅਮਰੀਕੀ ਪੁਲੀਸ ਤੇ ਫੌਜੀ ਬਲ ਨਜ਼ਰ ਰੱਖ ਰਹੇ ਹਨ। ਜੇਕਰ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਸਥਿਰਤਾ ਆ ਸਕਦੀ ਹੈ।

