ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਰਤ ਨੇ ਗਾਜ਼ਾ ’ਚ ਗੋਲੀਬੰਦੀ ਅਤੇ ਬੰਧਕਾਂ ਦੀ ਰਿਹਾਈ ਸਬੰਧੀ ਸਮਝੌਤੇ ਦਾ ਸਵਾਗਤ ਕੀਤਾ ਹੈ। ਭਾਰਤ ਨੇ ਆਸ ਜਤਾਈ ਹੈ ਕਿ ਸਮਝੌਤੇ ਨਾਲ ਗਾਜ਼ਾ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਲਗਾਤਾਰ ਮਾਨਵੀ ਸਹਾਇਤਾ ਮਿਲੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਾਰੇ ਬੰਧਕਾਂ ਦੀ ਰਿਹਾਈ ਅਤੇ ਗੋਲੀਬੰਦੀ ਦਾ ਲਗਾਤਾਰ ਸੱਦਾ ਦਿੰਦਾ ਆ ਰਿਹਾ ਹੈ ਤਾਂ ਜੋ ਵਾਰਤਾ ਅਤੇ ਕੂਟਨੀਤੀ ਰਾਹੀਂ ਮਸਲੇ ਦਾ ਹੱਲ ਕੱਢਿਆ ਜਾ ਸਕੇ। ਉਧਰ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਗੋਲੀਬੰਦੀ ਦੇ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸ਼ਾਂਤੀ ਵੱਲ ਪਹਿਲਾ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਫਲਸਤੀਨੀਆਂ ਅਤੇ ਇਜ਼ਰਾਇਲੀਆਂ ਦੇ ਬਿਹਤਰ ਭਵਿੱਖ ਲਈ ਭਰੋਸੇਯੋਗ ਸਿਆਸੀ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਮਿਸਰ, ਕਤਰ ਅਤੇ ਅਮਰੀਕਾ ਵੱਲੋਂ ਸਮਝੌਤਾ ਕਰਾਉਣ ਦੀ ਵੀ ਸ਼ਲਾਘਾ ਕੀਤੀ ਹੈ।