ਆਪਣਾ ਪੰਜਾਬ ਮੀਡੀਆ : ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਆਲਮੀ ਊਰਜਾ ਸੰਕਟ ਦੇ ਬਾਵਜੂਦ ਦੋ ਮਹੀਨੇ ਦੇ ਈਂਧਣ ਭੰਡਾਰ ਨਾਲ ਭਾਰਤ ਨੂੰ ਸਪਲਾਈ ਸਬੰਧੀ ਕੋਈ ਚਿੰਤਾ ਨਹੀਂ ਹੈ। ਉਂਝ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੱਚੇ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਉੱਚੀਆਂ ਬਣੀਆਂ ਰਹੀਆਂ ਅਤੇ ਪਰਚੂਨ ਕੀਮਤਾਂ ’ਚ ਤਬਦੀਲੀ ਨਾ ਕੀਤੀ ਗਈ ਤਾਂ ਸਰਕਾਰੀ ਪੈਟਰੋਲੀਅਮ ਕੰਪਨੀਆਂ ਨੂੰ ਇੱਕੋ ਤਿਮਾਹੀ ’ਚ ਇੱਕ ਲੱਖ ਕਰੋੜ ਰੁਪਏ ਤੱਕ ਦਾ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਗੱਲ ਦਾ ਮੁਲਾਂਕਣ ਕਰਨਾ ਹੋਵੇਗਾ ਕਿ ਪੈਟਰੋਲੀਅਮ ਕੰਪਨੀਆਂ ਲਾਗਤ ਤੋਂ ਘੱਟ ਕੀਮਤ ’ਤੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ (ਐੱਲ ਪੀ ਜੀ) ਕਦੋਂ ਤੱਕ ਵੇਚ ਸਕਦੀਆਂ ਹਨ। ਉਨ੍ਹਾਂ ਕੀਮਤਾਂ ’ਚ ਵਾਧੇ ਦੀ ਕਿਸੇ ਵੀ ਸੰਭਾਵਨਾ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੀ ਆਈ ਆਈ ਦੇ ਸਾਲਾਨਾ ਵਪਾਰ ਸਿਖਰ ਸੰਮੇਲਨ ’ਚ ਮੰਤਰੀ ਨੇ ਕਿਹਾ, ‘‘ਸਾਡੇ ਕੋਲ ਸਪਲਾਈ ਨਾਲ ਸਬੰਧਤ ਕੋਈ ਵੀ ਸਮੱਸਿਆ ਨਹੀਂ ਹੈ।’’ ਮੰਤਰੀ ਨੇ ਨਾਲ ਹੀ ਪਰਚੂਨ ਕੀਮਤਾਂ ਸਥਿਰ ਰੱਖਣ ਦੇ ਵਧ ਰਹੇ ਵਿੱਤੀ ਦਬਾਅ ਨੂੰ ਸਵੀਕਾਰ ਕੀਤਾ।
ਉਨ੍ਹਾਂ ਕਿਹਾ, ‘‘ਮੇਰੀਆਂ ਪੈਟਰੋਲੀਅਮ ਕੰਪਨੀਆਂ ਨੂੰ ਰੋਜ਼ਾਨਾ ਇੱਕ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਲਾਗਤ ਤੇ ਵਿਕਰੀ ਮੁੱਲ ਦਾ ਕੁੱਲ ਫ਼ਰਕ ਵਧ ਕੇ ਤਕਰੀਬਨ 1.98 ਲੱਖ ਕਰੋੜ ਰੁਪਏ ਹੋ ਗਿਆ ਹੈ ਅਤੇ ਇੱਕ ਤਿਮਾਈ ਅੰਦਰ ਇੱਕ ਲੱਖ ਕਰੋੜ ਰੁਪਏ ਦਾ ਘਾਟਾ ਪੂਰੇ ਖੇਤਰ ਦੇ ਸਾਲਾਨਾ ਲਾਭ ਨੂੰ ਖ਼ਤਮ ਕਰ ਸਕਦਾ ਹੈ।’’ ਉਨ੍ਹਾਂ ਭਰੋਸਾ ਦਿੱਤਾ ਕਿ ਪੱਛਮੀ ਏਸ਼ੀਆ ਸੰਘਰਸ਼ ਦਰਮਿਆਨ ਸਰਕਾਰ ਨੇ ਐੱਲ ਪੀ ਜੀ ਉਤਪਾਦਨ 35-36 ਹਜ਼ਾਰ ਟਨ ਰੋਜ਼ਾਨਾ ਤੋਂ ਵਧਾ ਕੇ 54 ਹਜ਼ਾਰ ਟਨ ਰੋਜ਼ਾਨਾ ਕਰ ਦਿੱਤਾ ਹੈ।
ਐੱਲ ਪੀ ਜੀ ਸਪਲਾਈ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਦੇਸ਼ ’ਚ 45 ਦਿਨਾਂ ਦਾ ਐੱਲ ਪੀ ਜੀ ਭੰਡਾਰ ਮੌਜੂਦ ਹੈ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਫ਼ਾਇਤੀ ਉਪਾਅ ਅਪਣਾਉਣ ਦੀ ਅਪੀਲ ਨੂੰ ਚੌਕਸ ਰਹਿਣ ਦੇ ਸੰਕੇਤ ਵਜੋਂ ਲਿਆ ਜਾਣਾ ਚਾਹੀਦਾ ਹੈ ਅਤੇ ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਪੈਦਾ ਹੋਏ ਵਿੱਤੀ ਦਬਾਅ ਨੂੰ ਘੱਟ ਕਰਨ ਦੇ ਢੰਗਾਂ ’ਤੇ ਵਿਚਾਰ ਸ਼ੁਰੂ ਕਰਨਾ ਚਾਹੀਦਾ ਹੈ।

