ਵਿਦੇਸ਼ ਮੰਤਰੀ ਨੇ ਗੁਆਂਢੀ ਮੁਲਕ ’ਚ ਘੱਟਗਿਣਤੀ ਭਾਈਚਾਰਿਆਂ ਵਿਰੁੱਧ ਘਟਨਾਵਾਂ ਨੂੰ ਲੋਕ ਸਭਾ ’ਚ ਉਭਾਰਿਆ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਲੋਕ ਸਭਾ ’ਚ ਬੋਲਦਿਆਂ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਘੱਟਗਿਣਤੀ ਭਾਈਚਾਰਿਆਂ ਦੇ ਲੋਕਾਂ ’ਤੇ ਹਮਲੇ ਦੀਆਂ ਘਟਨਾਵਾਂ ਨੂੰ ਉਭਾਰਿਆ। ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਵਿੱਚ ਘੱਟਗਿਣਤੀਆਂ ਨਾਲ ਹੋ ਰਹੇ ਸਲੂਕ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਰ ਦੇਸ਼ (ਭਾਰਤ) ਕਿਸੇ ਗੁਆਂਢੀ ਮੁਲਕ ਦੀ ‘ਕੱਟੜ ਮਾਨਸਿਕਤਾ’ ਨੂੰ ਨਹੀਂ ਬਦਲ ਸਕਦਾ। ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਪਾਕਿਸਤਾਨ ’ਚ ਫਰਵਰੀ ਮਹੀਨੇ ਹਿੰਦੂਆਂ ’ਤੇ ਹੋਏ ਹਮਲਿਆਂ ਦੀਆਂ 10 ਘਟਨਾਵਾਂ ਦਾ ਹਵਾਲਾ ਦਿੱਤਾ। ਵਿਦੇਸ਼ ਮੰਤਰੀ ਨੇ ਸਿੱਖ, ਇਸਾਈ ਤੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਨਾਲ ਵਧੀਕੀ ਦੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ। ਜੈਸ਼ੰਕਰ ਨੇ ਕਿਹਾ ਕਿ ਭਾਰਤ ਘੱਟਗਿਣਤੀ ਭਾਈਚਾਰਿਆਂ ਨਾਲ ਵਧੀਕੀਆਂ ਦੇ ਅਜਿਹੇ ਮਾਮਲੇ ਕੌਮਾਂਤਰੀ ਪੱਧਰ ਵੀ ਉਠਾ ਰਿਹਾ ਹੈ।