• ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਤੋਂ ਕਰਨਗੇ ਸ਼ੁਰੂਆਤ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਪਹਿਲਾਂ ਤੋਂ ਪੜਤਾਲ ਕਰਵਾ ਚੁੱਕੇ ਭਾਰਤੀ ਨਾਗਰਿਕਾਂ ਤੇ ਪਰਵਾਸੀ ਭਾਰਤੀ ਨਾਗਰਿਕ (ਓਸੀਆਈ) ਕਾਰਡਧਾਰਕਾਂ ਲਈ ਤੇਜ਼ੀ ਨਾਲ ਇਮੀਗਰੇਸ਼ਨ ਪ੍ਰਕਿਰਿਆ ਭਲਕੇ 16 ਜਨਵਰੀ ਤੋਂ ਮੁੰਬਈ, ਚੇਨੱਈ, ਕੋਲਕਾਤਾ ਤੇ ਚਾਰ ਹੋਰ ਅਹਿਮ ਹਵਾਈ ਅੱਡਿਆਂ ’ਤੇ ਸ਼ੁਰੂ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੰਬਈ, ਚੇਨੱਈ, ਕੋਲਕਾਤਾ, ਬੰਗਲੂਰੂ, ਹੈਦਰਾਬਾਦ, ਕੋਚੀਨ ਤੇ ਅਹਿਮਦਾਬਾਦ ਹਵਾਈ ਅੱਡਿਆਂ ’ਤੇ ‘ਫਾਸਟ ਟਰੈਕ ਇੰਮੀਗਰੇਸ਼ਨ-ਟਰੱਸਟਡ ਟਰੈਵਲਰ ਪ੍ਰੋਗਰਾਮ’ (ਐੱਫਟੀਆਈ-ਟੀਟੀਪੀ) ਦਾ ਉਦਘਾਟਨ ਕਰਨਗੇ। ਸ਼ਾਹ ਭਲਕੇ ਅਹਿਮਦਾਬਾਦ ਤੋਂ ਸੱਤ ਹਵਾਈ ਅੱਡਿਆਂ ਲਈ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਗ੍ਰਹਿ ਮੰਤਰੀ ਨੇ 22 ਜੂਨ 2024 ਨੂੰ ਨਵੀਂ ਦਿੱਲੀ ’ਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈਜੀਆਈ) ਦੇ ਟਰਮੀਨਲ-ਤਿੰਨ ਤੋਂ ਐੱਫਟੀਆਈ-ਟੀਟੀਪੀ ਸ਼ੁਰੂ ਕੀਤਾ ਸੀ।