ਟੋਰਾਂਟੋ : ਆਪਣਾ ਪੰਜਾਬ ਮੀਡੀਆ : ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਨੂੰ ਕੋਈ ਵੀ ਅਮਰੀਕੀ ਟੈਕਸ ਤੋਂ ਛੂਟ ਦਿੰਦੇ ਹਨ ਤਾਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕਾ ਤੋਂ ਜਵਾਬੀ ਟੈਕਸ ਹਟਾਉਣ ਲਈ ਤਿਆਰ ਨਹੀਂ ਹਨ। ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਟਰੂਡੋ ਦੇ ਰੁਖ ਦੀ ਪੁਸ਼ਟੀ ਕੀਤੀ, ਕਿਉਂਕਿ ਵਿਅਕਤੀ ਨੂੰ ਇਸ ਮਾਮਲੇ ’ਤੇ ਜਨਤਕ ਤੌਰ ’ਤੇ ਬੋਲਣ ਦਾ ਅਧਿਕਾਰ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਟਰੰਪ ਅਤੇ ਟਰੂਡੋ ਨੇ ਦੁਪਹਿਰ ਦੇ ਕਰੀਬ ਫੋਨ ’ਤੇ ਗੱਲਬਾਤ ਕੀਤੀ। ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਅਸੀਂ ਵਿਚਕਾਰਲੇ ਸਮਝੌਤੇ ਅਤੇ ਕੁਝ ਘਟਾਏ ਗਏ ਟੈਕਸ ਵਿਚ ਦਿਲਚਸਪੀ ਨਹੀਂ ਰੱਖਦੇ। ਕੈਨੇਡਾ ਚਾਹੁੰਦਾ ਹੈ ਕਿ ਟੈਕਸ ਹਟਾਏ ਜਾਣ।