ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਖਿੱਤੇ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਲੱਖ ਤੋਂ ਵਧ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਇਸ ਨਾਲ ਹੌਲੀਵੁੱਡ ਹਿੱਲਜ ਲਈ ਵੀ ਖਤਰਾ ਪੈਦਾ ਹੋ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਚੁੱਕੇ ਗਏ ਕਦਮਾਂ ਦੀ ਨਿਗਰਾਨੀ ਵਾਸਤੇ ਇਟਲੀ ਅਤੇ ਵੈਟੀਕਨ ਦਾ ਦੌਰਾ ਰੱਦ ਕਰ ਦਿੱਤਾ ਹੈ। ਰਾਸ਼ਟਰਪਤੀ ਵਜੋਂ ਬਿਡੇਨ ਦਾ ਇਹ ਆਖਰੀ ਵਿਦੇਸ਼ ਦੌਰਾ ਸੀ। ਬਾਇਡਨ ਨੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਨੂੰ ਸ਼ਰਧਾਂਜਲੀ ਦੇਣ ਮਗਰੋਂ ਪੋਪ ਫਰਾਂਸਿਸ ਅਤੇ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਮੁਲਾਕਾਤ ਲਈ ਤਿੰਨ ਦਿਨੀਂ ਵਿਦੇਸ਼ ਯਾਤਰਾ ’ਤੇ ਰਵਾਨਾ ਹੋਣਾ ਸੀ।
ਬਾਇਡਨ ਬੁੱਧਵਾਰ ਨੂੰ ਜੰਮੇ ਆਪਣੇ ਪੜਪੋਤੇ ਨੂੰ ਦੇਖਣ ਲਈ ਲਾਸ ਏਂਜਿਲਸ ਗਏ ਸਨ ਅਤੇ ਉਥੋਂ ਪਰਤਣ ਮਗਰੋਂ ਉਨ੍ਹਾਂ ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਤੋਂ ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਅੱਗ ਬਾਰੇ ਜਾਣਕਾਰੀ ਲਈ। ਜ਼ਿਕਰਯੋਗ ਹੈ ਕਿ ਤਿੰਨ ਇਲਾਕਿਆਂ ਪਾਲੀਸੇਡਸ (ਲਾਸ ਏਂਜਿਲਸ ਦੇ ਪੱਛਮ), ਈਟਨ (ਪਾਸਾਡੇਨਾ ਦੇ ਉੱਤਰ) ਅਤੇ ਸਾਂ ਫਰਨਾਂਡੋ ਘਾਟੀ ਦੇ 70 ਸਕੁਏਅਰ ਕਿਲੋਮੀਟਰ ਘੇਰੇ ’ਚ ਅੱਗ ਫੈਲੀ ਹੋਈ ਹੈ।