ਲੋੜਵੰਦਾਂ ਲਈ ਖਾਣ ਪੀਣ ਦੀਆਂ ਵਸਤਾਂ ਪਹੁੰਚਾਉਣ ਦੀ ਸੇਵਾ ਸ਼ੁਰੂ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਅੱਗ ਵੱਲੋਂ ਮਚਾਈ ਭਾਰੀ ਤਬਾਹੀ ਦੇ ਦਰਮਿਆਨ ਸਿੱਖ ਸੰਸਥਾਵਾਂ ਮੱਦਦ ਲਈ ਅੱਗੇ ਆਈਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕ ਤੇ ਹੋਰ ਸਿੱਖ ਸੰਸਥਾਵਾਂ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਹੋਰ ਲੜੀਂਦਾ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਖੇਤਰ ਵਿਚ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਸ ਕਾਰਨ ਅੱਗ ਹੋਰ ਭੜਕ ਸਕਦੀ ਹੈ। ਲਾਸ ਏਂਜਲਸ ਕਾਊਂਟੀ ਡਾਕਟਰੀ ਜਾਂਚ ਅਧਿਕਾਰੀਆਂ ਅਨੁਸਾਰ ਅੱਗ ਨਾਲ ਸੜ ਕੇ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ ਜਦ ਕਿ 56 ਵਰਗ ਮੀਲ ਵਿਚ ਫੈਲਿਆ 36000 ਏਕੜ ਜੰਗਲੀ ਰਕਬਾ ਸੜ ਕੇ ਸਵਾਹ ਹੋ ਗਿਆ ਹੈ। ਪਾਲੀਸਾਡੇਸ ਦੀ ਅੱਗ ਜੋ ਲਾਸ ਏਂਜਲਸ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਅੱਗ ਹੈ, ਵਿਚ 20000 ਏਕੜ ਜੰਗਲ ਸੜ ਗਏ ਹਨ।
12000 ਤੋਂ ਵਧ ਘਰ ਤੇ ਹੋਰ ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਹਨ। ਡੇਢ ਲੱਖ ਤੋਂ ਵਧ ਲੋਕ ਘਰੋਂ ਬੇਘਰ ਹੋ ਗਏ ਹਨ। ਐਲਟਾਡੇਨਾ ਨੇੜੇ ਈਟੋਨ ਖੇਤਰ ਵਿਚ ਲੱਗੀ ਅੱਗ ਉਪਰ ਕੇਵਲ 3% ਤੱਕ ਕਾਬੂ ਪਾਇਆ ਜਾ ਸਕਿਆ ਹੈ ਜਦ ਕਿ ਅੱਗ 13600 ਏਕੜ ਵਿਚ ਲੱਗੀ ਹੋਈ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨੇ ਕਿਹਾ ਹੈ ਕਿ ਮੈਕਸੀਕੋ ਤੋਂ ਅੱਗ ਬੁਝਾਊ ਅਮਲਾ ਛੇਤੀ ਈਟੋਨ ਪਹੁੰਚ ਜਾਵੇਗਾ ਜਿਥੇ ਪਹਿਲਾਂ ਹੀ 10000 ਤੋਂ ਵਧ ਵਰਕਰ ਤੇ ਹੋਰ ਕਾਮੇ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।