ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿੱਚ ਕਾਰਪੋਰੇਟਾਂ ਦੇ ਸ਼ਾਪਿੰਗ ਮਾਲਾਂ, ਸਾਈਲੋਜ਼ ਅਤੇ ਭਾਜਪਾ ਆਗੂਆਂ ਦੇ ਘਰਾਂ ਤੇ ਦਫ਼ਤਰਾਂ ਮੂਹਰੇ ਟਰੈਕਟਰ ਖੜ੍ਹੇ ਕਰ ਕੇ ਪ੍ਰਦਰਸ਼ਨ ਕੀਤੇ। ਇਸ ਦੌਰਾਨ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਾਈਵੇਟ ਸਾਈਲੋਜ਼ ਨੂੰ ਪ੍ਰਾਈਵੇਟ ਮੰਡੀ ਯਾਰਡ ਐਲਾਨਣ ਪਿੱਛੇ ਸਰਕਾਰ ਦਾ ਮਕਸਦ ਕੁਝ ਕੁ ਫ਼ਸਲਾਂ ਦੀ ਹੋ ਰਹੀ ਸਰਕਾਰੀ ਖਰੀਦ ਤੋਂ ਪੱਲਾ ਝਾੜਨਾ ਹੈ।
ਇਹ ਸਾਈਲੋਜ਼ ਕੁਝ ਸਮੇਂ ਲਈ ਕਿਸਾਨਾਂ ਦੀ ਫ਼ਸਲ ਚੰਗੇ ਭਾਅ ’ਤੇ ਖਰੀਦਣਗੇ ਅਤੇ ਸਰਕਾਰੀ ਮੰਡੀ ਨੂੰ ਤੋੜਨ ਦਾ ਕੰਮ ਕਰਨਗੇ। ਉਸ ਮਗਰੋਂ ਫ਼ਸਲਾਂ ਦਾ ਭੰਡਾਰਨ ਕਰ ਕੇ ਕਾਲਾ ਬਾਜ਼ਾਰੀ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਰਪੋਰੇਟ ਘਰਾਣੇ ਅੱਜ ਖੇਤੀ ਸੈਕਟਰ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਸੇ ਤਰ੍ਹਾਂ ਦੁਕਾਨਦਾਰਾਂ ਦੇ ਕਾਰੋਬਾਰਾਂ ਲਈ ਕਾਰਪੋਰੇਟ ਘਰਾਣਿਆਂ ਵੱਲੋਂ ਬਣਾਏ ਗਏ ਸ਼ਾਪਿੰਗ ਮਾਲ ਨੁਕਸਾਨਦੇਹ ਸਾਬਿਤ ਹੋ ਰਹੇ ਹਨ। ਇਨ੍ਹਾਂ ਸ਼ਾਪਿੰਗ ਮਾਲਾਂ ਕਰ ਕੇ ਪਰਚੂਨ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਸੱਟ ਵੱਜ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਸਮਾਜ ਨੂੰ ਇਕਜੁੱਟ ਹੋ ਕੇ ਆਪਣੇ ਹੱਕਾਂ ਦੀ ਰਾਖੀ ਲਈ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ ਹੈ।