ਕਾਂਗਰਸ ਨੂੰ ਗਿਣਤੀ ਦੀਆਂ ਸੀਟਾਂ ਮਿਲਣ ਦਾ ਦਾਅਵਾ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਦਿੱਲੀ ਅਸੈਂਬਲੀ ਚੋਣਾਂ ਲਈ ਜਾਰੀ ਐਗਜ਼ਿਟ ਪੋਲ ਦੇ ਨਤੀਜਿਆਂ ਵਿਚ ਕੌਮੀ ਰਾਜਧਾਨੀ ਵਿਚ ਭਾਜਪਾ ਦੀ ਸੱਤਾ ’ਚ ਵਾਪਸੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਕੌਮੀ ਰਾਜਧਾਨੀ ਵਿੱਚ 26 ਸਾਲਾਂ ਤੋਂ ਵੱਧ ਸਮੇਂ ਬਾਅਦ ਭਾਜਪਾ ਦੀ ਸੱਤਾ ’ਚ ਵਾਪਸੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਜ਼ਿਆਦਾਤਰ ਸਰਵੇਖਣਾਂ ਵਿਚ ਇਸ ਵਾਰ ਭਾਜਪਾ ਦੀ ਸਰਕਾਰ ਬਣਨੀ ਦਿਖਾਈ ਗਈ ਹੈ। ‘ਮੈਟਰਿਜ਼’ ਦੇ ਚੋਣ ਸਰਵੇਖਣ ਮੁਤਾਬਕ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ 35-40 ਸੀਟਾਂ ਮਿਲ ਸਕਦੀਆਂ ਹਨ ਜਦਕਿ ‘ਆਪ’ ਨੂੰ 32 ਤੋਂ 37 ਸੀਟਾਂ, ਕਾਂਗਰਸ ਨੂੰ 0-1 ਸੀਟ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ।
‘ਜੇਵੀਸੀ’ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 39-45, ‘ਆਪ’ ਨੂੰ 22-31 ਅਤੇ ਕਾਂਗਰਸ ਨੂੰ 0-2 ਸੀਟਾਂ ਮਿਲ ਸਕਦੀਆਂ ਹਨ। ਪੀਪਲਜ਼ ਇਨਸਾਈਟ ਮੁਤਾਬਕ ਐੱਨਡੀਏ ਨੂੰ 40 ਤੋਂ 44, ਆਮ ਆਦਮੀ ਪਾਰਟੀ ਨੂੰ 25 ਤੋਂ 29 ਅਤੇ ਕਾਂਗਰਸ ਨੂੰ 1 ਸੀਟ ਮਿਲ ਸਕਦੀ ਹੈ। ਚਾਣਕਿਆ ਸਟਰੈਟੀਜੀਸ ਅਨੁਸਾਰ ਭਾਜਪਾ ਨੂੰ 39-44, ‘ਆਪ’ ਨੂੰ 25-28 ਅਤੇ ਕਾਂਗਰਸ ਨੂੰ 2 ਤੋਂ 3 ਸੀਟਾਂ ਮਿਲ ਸਕਦੀਆਂ ਹਨ। ‘ਪੀਪਲਜ਼ ਪਲਸ’ ਮੁਤਾਬਕ ਐੱਨਡੀਏ ਨੂੰ 51 ਤੋਂ 60, ਜਦਕਿ ‘ਆਪ’ ਨੂੰ ਸਿਰਫ 10-19 ਸੀਟਾਂ ਮਿਲ ਸਕਦੀਆਂ ਹਨ। ਅੱਜ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।