ਈਯੂ ਨੇ ਅਮਰੀਕਾ ਵੱਲੋਂ ਰੱਖਿਆ ਸਹਿਯੋਗ ਤੋਂ ਵੱਖ ਹੋਣ ਦੇ ਖ਼ਦਸ਼ੇ ਕਾਰਨ ਮੈਂਬਰ ਮੁਲਕਾਂ ਦੀ ਸੁਰੱਖਿਆ ਲਈ ਕਦਮ ਚੁੱਕਿਆ
ਬਰੱਸਲਜ਼ : ਆਪਣਾ ਪੰਜਾਬ ਮੀਡੀਆ : ਯੂਰਪੀ ਯੂਨੀਅਨ (ਈਯੂ) ਦੀ ਕਾਰਜਕਾਰੀ ਮੁਖੀ ਨੇ ਅੱਜ ਮੈਂਬਰ ਮੁਲਕਾਂ ਦੀ ਸੁਰੱਖਿਆ ਵਧਾਉਣ ਲਈ 800 ਅਰਬ ਯੂਰੋ (841 ਅਰਬ ਡਾਲਰ) ਦੀ ਯੋਜਨਾ ਦੀ ਤਜਵੀਜ਼ ਪੇਸ਼ ਕੀਤੀ। ਇਸ ਦਾ ਮਕਸਦ ਅਮਰੀਕਾ ਦੇ ਰੱਖਿਆ ਸਹਿਯੋਗ ਤੋਂ ਵੱਖ ਹੋਣ ਦੇ ਸੰਭਾਵੀ ਕਦਮ ਦਾ ਟਾਕਰਾ ਕਰਨਾ ਹੈ ਅਤੇ ਜੰਗ ਨਾਲ ਜੂਝ ਰਹੇ ਯੂੁਕਰੇਨ ਨੂੰ ਰੂਸ ਨਾਲ ਗੱਲਬਾਤ ਕਰਨ ਲਈ ਸੈਨਿਕ ਬਲ ਮੁਹੱਈਆ ਕਰਨਾ ਹੈ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਕਿਹਾ ਕਿ ਵੱਡੇ ‘ਰੀਆਰਮ ਯੂਰਪ’ (ਆਰਈਏਆਰਐੱਮ) ਪੈਕੇਜ ਨੂੰ 27 ਯੂਰਪੀ ਯੂਨੀਅਨ ਆਗੂਆਂ ਸਾਹਮਣੇ ਰੱਖਿਆ ਜਾਵੇਗਾ, ਜੋ ਅਮਰੀਕਾ ’ਚ ਵਧਦੀ ਰਾਜਸੀ ਬੇਯਕੀਨੀ ਦੇ ਬਾਅਦ ਵੀਰਵਾਰ ਨੂੰ ਬਰੱਸਲਜ਼ ’ਚ ਇੱਕ ਹੰਗਾਮੀ ਮੀਟਿੰਗ ’ਚ ਮਿਲਣਗੇ।