ਧਰਮਕੋਟ: ਆਪਣਾ ਪੰਜਾਬ ਮੀਡੀਆ: ਕੋਟ ਈਸੇ ਖਾਂ ਦੀ ਨਾਮੀ ਦਵਾਈਆਂ ਦੀ ਦੁਕਾਨ ’ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਲੈਕੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਦੇ ਚਲਦਿਆਂ ਪੁਲੀਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਬੀਤੇ ਦਿਨ ਉੱਥੇ ਛਾਪੇਮਾਰੀ ਕੀਤੀ। ਇਸ ਦੌਰਾਨ ਦਵਾਈਆਂ ਦੀ ਦੁਕਾਨ ਤੋਂ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਦਵਾਈਆ ਬਰਾਮਦ ਹੋਣ ਤੋਂ ਬਾਅਦ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਦੋ ਸੰਚਾਲਕਾਂ ਸਮੇਤ ਇਕ ਔਰਤ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਸੀ ਕਿ ਕੋਟ ਈਸੇ ਖਾਂ ਦੇ ਪਰੇਮ ਮੈਡੀਕਲ ਸਟੋਰ ਉੱਤੇ ਨਸ਼ੀਲੀਆਂ ਦਵਾਈਆਂ ਦੀ ਧੜੱਲੇ ਨਾਲ ਵਿਕਰੀ ਹੋ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲੀਸ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਜਿਸ ਵਿਚ ਡਰੱਗ ਇੰਸਪੈਕਟਰ ਰਵੀ ਗੁਪਤਾ, ਸੀਆਈਏ ਸਟਾਫ਼ ਦੇ ਮੁਖੀ ਦਲਜੀਤ ਸਿੰਘ ਬਰਾੜ ਆਦਿ ਸ਼ਾਮਲ ਸਨ, ਨੇ ਦੇਰ ਸ਼ਾਮ ਸਟੋਰ ਉੱਤੇ ਛਾਪੇਮਾਰੀ ਕਰਕੇ ਉੱਥੋਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬੁਪਰੀਨੋਰਫਿਨ ਬਰਾਮਦ ਕੀਤੀਆਂ ਹਨ।
ਇਨ੍ਹਾਂ ਗੋਲੀਆਂ ਦੀ ਵਿਕਰੀ ਨਸ਼ਿਆਂ ਦੀ ਪੂਰਤੀ ਲਈ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਟੋਰ ਦੇ ਸੰਚਾਲਕ ਸਾਜਨ ਕੁਮਾਰ, ਉੱਥੇ ਕੰਮ ਕਰਦੇ ਮੁਲਾਜ਼ਮ ਜਸਕਰਨ ਸਿੰਘ ਅਤੇ ਸਟੋਰ ਤੋਂ ਨਸ਼ੇ ਦੀਆਂ ਦਵਾਈਆਂ ਲੈਕੇ ਅੱਗੇ ਸਪਲਾਈ ਕਰਨ ਵਾਲੀ ਅਮਨਦੀਪ ਕੌਰ ਨੂੰ ਕਾਬੂ ਕਰ ਲਿਆ ਗਿਆ ਹੈ। ਉਕਤ ਦੋਸ਼ੀਆਂ ਵਿਰੁੱਧ ਥਾਣਾ ਕੋਟ ਈਸੇ ਖਾਂ ਵਿਚ ਡਰੱਗ ਐਕਟ ਤੋਂ ਇਲਾਵਾ ਨਸ਼ਾ ਵਿਰੋਧੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।