ਲਾਸ ਏਂਜਲਸ ’ਚ ਅਹਿਮ ਮਾਰਗ ਕਰੀਬ ਪੰਜ ਘੰਟੇ ਤੱਕ ਜਾਮ ਰੱਖਿਆ
ਲਾਸ ਏਂਜਲਸ : ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਰਵਾਸੀਆਂ ਦੀ ਵੱਡੇ ਪੱਧਰ ’ਤੇ ਦੇਸ਼ ਨਿਕਾਲਾ ਮੁਹਿੰਮ ਦੇ ਵਿਰੋਧ ’ਚ ਦੱਖਣੀ ਕੈਲੀਫੋਰਨੀਆ ’ਚ ਹਜ਼ਾਰਾਂ ਲੋਕਾਂ ਨੇ ਰੋਸ ਮਾਰਚ ਕੀਤਾ। ਲਾਸ ਏਂਜਲਸ ’ਚ ਪ੍ਰਦਰਸ਼ਨਕਾਰੀਆਂ ਨੇ ਕਰੀਬ ਪੰਜ ਘੰਟੇ ਤੱਕ ਅਹਿਮ ਮਾਰਗ ਨੂੰ ਜਾਮ ਰੱਖਿਆ। ਪ੍ਰਦਰਸ਼ਨਕਾਰੀ ਸਵੇਰੇ ਹੀ ਲਾਸ ਏਂਜਲਸ ਦੀ ਇਤਿਹਾਸਕ ਓਲਵੇਰਾ ਸਟਰੀਟ ’ਤੇ ਇਕੱਠੇ ਹੋਏ ਅਤੇ ਸਿਟੀ ਹਾਲ ਵੱਲ ਮਾਰਚ ਸ਼ੁਰੂ ਕੀਤਾ। ਉਨ੍ਹਾਂ ਹੱਥਾਂ ’ਚ ‘ਕੋਈ ਵੀ ਗ਼ੈਰ-ਕਾਨੂੰਨੀ ਨਹੀਂ’ ਵਰਗੇ ਬੈਨਰ ਫੜੇ ਹੋਏ ਸਨ ਅਤੇ ਉਹ ਇਮੀਗਰੇਸ਼ਨ ਸੁਧਾਰਾਂ ਨੂੰ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਮੈਕਸਿਕੋ ਅਤੇ ਅਮਰੀਕ ਦੇ ਝੰਡੇ ਵੀ ਫੜੇ ਹੋਏ ਸਨ। ਇਕ ਬੈਨਰ ’ਤੇ ‘ਇਮੀਗਰੈਂਟਸ ਮੇਕ ਅਮਰੀਕਾ ਗਰੇਟ’ ਲਿਖਿਆ ਹੋਇਆ ਸੀ। ਦੁਪਹਿਰ ਤੱਕ ਪ੍ਰਦਰਸ਼ਨਕਾਰੀਆਂ ਨੇ ਯੂਐੱਸ 101 ਦੀਆਂ ਸਾਰੀਆਂ ਲੇਨਾਂ ਨੂੰ ਜਾਮ ਕਰ ਦਿੱਤਾ, ਜਿਸ ਨਾਲ ਦੋਵੇਂ ਪਾਸਿਆਂ ’ਤੇ ਆਵਾਜਾਈ ਠੱਪ ਹੋ ਗਈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਤੇ ਲਾਸ ਏਂਜਲਸ ਪੁਲੀਸ ਵਿਭਾਗ ਨੇ ਕਿਹਾ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਟੈਕਸਸ ਅਤੇ ਡੱਲਾਸ ’ਚ ਕਰੀਬ 1,600 ਵਿਅਕਤੀਆਂ ਨੇ ਰੈਲੀਆਂ ਕੀਤੀਆਂ।