ਮਜ਼ਬੂਤ ਬਣ ਕੇ ਹੀ ਅਸੀਂ ਬਿਹਤਰ ਆਲਮੀ ਵਿਵਸਥਾ ਲਈ ਕੰਮ ਕਰ ਸਕਾਂਗੇ: ਰਾਜਨਾਥ ਸਿੰਘ
ਬੰਗਲੂਰੂ : ਆਪਣਾ ਪੰਜਾਬ ਮੀਡੀਆ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੁਰੱਖਿਆ ਦੀ ਕਮਜ਼ੋਰ ਸਥਿਤੀ ਵਿੱਚ ਸ਼ਾਂਤੀ ਕਦੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਅਤੇ ਮਜ਼ਬੂਤ ਹੋ ਕੇ ਹੀ ਬਿਹਤਰ ਆਲਮੀ ਵਿਵਸਥਾ ਲਈ ਕੰਮ ਕੀਤਾ ਜਾ ਸਕਦਾ ਹੈ। ਰੱਖਿਆ ਮੰਤਰੀ ਇਥੇ ਯੇਲਹੰਕਾ ਏਅਰਫੋਰਸ ਸਟੇਸ਼ਨ ’ਤੇ ਏਸ਼ੀਆ ਦੀ ਸਭ ਤੋਂ ਵੱਡੀ ਏਅਰੋਸਪੇਸ ਅਤੇ ਰੱਖਿਆ ਪ੍ਰਦਰਸ਼ਨੀ ਮੰਨੀ ਜਾਂਦੀ ਏਅਰੋ ਇੰਡੀਆ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਕਰਨ ਮਗਰੋਂ ਬੋਲ ਰਹੇ ਸਨ।. ਸਿੰਘ ਨੇ ਆਲਮੀ ਬੇਯਕੀਨੀਆਂ ਦੇ ਹਵਾਲੇ ਨਾਲ ਕਿਹਾ ਕਿ ਵੱਡਾ ਮੁਲਕ ਹੋਣ ਦੇ ਨਾਤੇ ਭਾਰਤ ਨੇ ਹਮੇਸ਼ਾ ਸ਼ਾਂਤੀ ਤੇ ਸਥਿਰਤਾ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਭਾਰਤੀ ਸੁਰੱਖਿਆ ਜਾਂ ਸ਼ਾਂਤੀ ਨੂੰ ਇਕੱਲਤਾ ਵਿਚ ਨਹੀਂ ਦੇਖਦੇ। ਸੁਰੱਖਿਆ, ਸਥਿਰਤਾ ਅਤੇ ਸ਼ਾਂਤੀ ਸਾਂਝੇ ਉੱਦਮ ਹਨ, ਜੋ ਕੌਮੀ ਸਰਹੱਦਾਂ ਤੋਂ ਪਾਰ ਹੁੰਦੇ ਹਨ। ਏਅਰੋ ਇੰਡੀਆ ਵਿਚ ਹੋਰਨਾਂ ਮੁਲਕਾਂ ਦੇ ਸਾਡੇ ਦੋਸਤਾਂ ਦੀ ਮੌਜੂਦਗੀ ਇਸ ਤੱਥ ਦਾ ਪ੍ਰਮਾਣ ਹੈ ਕਿ ਸਾਡੇ ਭਾਈਵਾਲ ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਨ।