ਕਿਸਾਨਾਂ ਸਮੇਤ ਸਾਰੀਆਂ ਧਿਰਾਂ ਨੇ ਲਿਆ ਸੁੱਖ ਦਾ ਸਾਹ
ਹੁਣ ਸਾਰੀਆਂ ਨਜ਼ਰਾਂ 14 ਫਰਵਰੀ ਦੀ ਮੀਟਿੰਗ ’ਤੇ
ਪਟਿਆਲਾ/ਪਾਤੜਾਂ : ਆਪਣਾ ਪੰਜਾਬ ਮੀਡੀਆ : ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਨੂੰ 14 ਫਰਵਰੀ ਲਈ ਗੱਲਬਾਤ ਦਾ ਸੱਦਾ ਦਿੱਤੇ ਜਾਣ ਮਗਰੋਂ ਜਗਜੀਤ ਸਿੰਘ ਡੱਲੇਵਾਲ ਇਲਾਜ ਕਰਾਉਣ ਲਈ ਰਾਜ਼ੀ ਹੋ ਗਏ। ਉਂਜ ਐੱਮਐੱਸਪੀ ਸਮੇਤ ਹੋਰ 12 ਮੰਗਾਂ ਮੰਨੇ ਜਾਣ ਤੱਕ ਉਨ੍ਹਾਂ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਜਿਸ ਨੂੰ ਅੱਜ 55 ਦਿਨ ਹੋ ਗਏ ਹਨ। ਡੱਲੇਵਾਲ ਨੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਸ਼ੁਰੂ ਕਰਨ ਦੇ ਫ਼ੈਸਲੇ ’ਤੇ ਭਾਵੇਂ ਤਸੱਲੀ ਪ੍ਰਗਟਾਈ ਹੈ ਪਰ ਨਾਲ ਹੀ ਇਹ ਵੀ ਆਖਿਆ ਹੈ ਕਿ ਮਰਨ ਵਰਤ ਤੋੜਨ ਦਾ ਫ਼ੈਸਲਾ ਮੀਟਿੰਗ ਦੇ ਸਿੱਟਿਆਂ ’ਤੇ ਹੀ ਨਿਰਭਰ ਕਰੇਗਾ। ਡੱਲੇਵਾਲ ਵੱਲੋਂ ਇਲਾਜ ਲਈ ਹਾਮੀ ਭਰਨ ਨਾਲ ਸਾਰੀਆਂ ਧਿਰਾਂ ਨੂੰ ਰਾਹਤ ਮਿਲੀ ਹੈ।