ਪਹਿਲਾ ਇੱਕ ਰੋਜ਼ਾ ਮੁਕਾਬਲਾ ਖੇਡ ਰਹੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਅਤੇ ਰਵਿੰਦਰ ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਸ਼ੁਭਮਨ ਗਿੱਲ ਅਤੇ ਅਕਸ਼ਰ ਪਟੇਲ ਵਿਚਾਲੇ ਸੈਂਕੜੇ ਦੀ ਭਾਈਵਾਲੀ ਬਦੌਲਤ ਅੱਜ ਇੱਥੇ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 248 ਦੌੜਾਂ ਬਣਾਈਆਂ ਸਨ। ਭਾਰਤ ਨੇ 38.4 ਓਵਰਾਂ ਵਿੱਚ 6 ਵਿਕਟਾਂ ’ਤੇ 251 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਇਸ ਦੌਰਾਨ ਗਿੱਲ ਨੇ 96 ਗੇਂਦਾਂ ਵਿੱਚ 14 ਚੌਕਿਆਂ ਦੀ ਮਦਦ ਨਾਲ 87 ਦੌੜਾਂ ਬਣਾਈਆਂ ਅਤੇ ਪਟੇਲ (47 ਗੇਂਦਾਂ ’ਤੇ 52 ਦੌੜਾਂ) ਨਾਲ ਚੌਥੀ ਵਿਕਟ ਲਈ 108 ਦੌੜਾਂ ਦੀ ਭਾਈਵਾਲੀ ਕੀਤੀ
ਇਸ ਤੋਂ ਪਹਿਲਾਂ ਜਡੇਜਾ (26 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਰਾਣਾ (53 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਇੰਗਲੈਂਡ ਦੀ ਪਾਰੀ 47.4 ਓਵਰਾਂ ਵਿੱਚ 248 ਦੌੜਾਂ ’ਤੇ ਹੀ ਸਮੇਟ ਦਿੱਤੀ। ਜਡੇਜਾ ਤੇ ਰਾਣਾ ਤੋਂ ਇਲਾਵਾ ਮੁਹੰਮਦ ਸ਼ਮੀ, ਪਟੇਲ ਅਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਲਈ। ਇੰਗਲੈਂਡ ਲਈ ਕਪਤਾਨ ਜੋਸ ਬਟਲਰ ਨੇ 52, ਜੈਕਬ ਬੈਥਲ ਨੇ 51, ਫਿਲਿਪ ਸਾਲਟ ਨੇ 43, ਬੈੱਨ ਡੱਕੇਟ ਨੇ 32, ਜੋਫਰਾ ਆਰਚਰ ਨੇ 21 ਅਤੇ ਜੋਅ ਰੂਟ ਨੇ 19 ਦੌੜਾਂ ਬਣਾਈਆਂ।