ਸੱਤ ਅਪਰੈਲ ਤੋਂ ਸਕੂਲਾਂ ਵਿੱਚ ਹੋਏ ਕੰਮਾਂ ਦੇ ਕੀਤੇ ਜਾਣਗੇ ਉਦਘਾਟਨ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸਹਾਇਕ ਇੰਚਾਰਜ ਸਤਿੰਦਰ ਜੈਨ ਨੇ ‘ਰੰਗਲਾ ਪੰਜਾਬ’ ਦੇ ਨਾਅਰੇ ਨੂੰ ਅਮਲ ’ਚ ਲਿਆਉਣ ਲਈ ਸਿੱਖਿਆ ਅਤੇ ਮਕਾਨ ਉਸਾਰੀ ਮਹਿਕਮੇ ਦੀ ਅਗਵਾਈ ਸੰਭਾਲ ਲਈ ਹੈ। ਦੋਵੇਂ ਵਿਭਾਗਾਂ ਦਾ ਚਿਹਰਾ-ਮੋਹਰਾ ਸੰਵਾਰਨ ਲਈ ਰਸਮੀ ਤੌਰ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲੇ ਪੜਾਅ ’ਚ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਕੁੱਝ ਹਲਕਿਆਂ ’ਚ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਸੀ ਤੇ ਹੁਣ ਦੂਜੇ ਪੜਾਅ ਤਹਿਤ ਕੰਮ ਸ਼ੁਰੂ ਹੋ ਗਿਆ ਹੈ। ਸਿੱਖਿਆ ਵਿਭਾਗ ’ਚ ਸੁਧਾਰਾਂ ਲਈ ਨਵਾਂ ਖ਼ਾਕਾ ਤਿਆਰ ਕੀਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ’ਚ ਵਾਲੰਟੀਅਰਾਂ ’ਚੋਂ ਸਿੱਖਿਆ ਕੋਆਰਡੀਨੇਟਰ ਲਾਏ ਗਏ ਹਨ। ਹਰ ਕੋਆਰਡੀਨੇਟਰ ਦੇ ਅਧੀਨ 15-15 ਸਹਾਇਕ ਕੋਆਰਡੀਨੇਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਪੰਜ ਜ਼ੋਨ ਕੋਆਰਡੀਨੇਟਰ ਲਾਏ ਗਏ ਹਨ ਜਿਨ੍ਹਾਂ ’ਚ ਮਾਲਵਾ ਪੱਛਮੀ, ਮਾਲਵਾ ਪੂਰਬੀ, ਮਾਲਵਾ ਕੇਂਦਰੀ, ਮਾਝਾ ਅਤੇ ਦੁਆਬਾ ਸ਼ਾਮਲ ਹਨ।