ਸਤਨਾਮ ਸਿੰਘ ਦੇ ਦਫ਼ਤਰ ਪੁਲੀਸ ਨੇ ਕੀਤੇ ਸੀਲ
ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਅੰਮ੍ਰਿਤਸਰ (ਦਿਹਾਤੀ) ਦੀ ਪੁਲੀਸ ਨੇ ਅਜਨਾਲਾ ਦੇ ਪਿੰਡ ਸਲੇਮਪੁਰ ਦੇ ਦਲੇਰ ਸਿੰਘ ਦੀ ਸ਼ਿਕਾਇਤ ’ਤੇ ਟਰੈਵਲ ਏਜੰਟ ਸਤਨਾਮ ਸਿੰਘ ਖਿਲਾਫ਼ ਕੇਸ ਵੀ ਦਰਜ ਕਰ ਲਿਆ ਹੈ। ਸਤਨਾਮ ਦੇ ਦਫ਼ਤਰ ਵੀ ਪੁਲੀਸ ਨੇ ਅੱਜ ਸੀਲ ਕਰ ਦਿੱਤੇ ਹਨ। ਡਿਪੋਰਟ ਹੋਏ ਬਹੁਤੇ ਨੌਜਵਾਨਾਂ ਨੇ ਦੁਬਈ ਦੇ ਟਰੈਵਲ ਏਜੰਟਾਂ ਦੀ ਸ਼ਮੂਲੀਅਤ ਦੀ ਗੱਲ ਵੀ ਆਖੀ ਹੈ। ਪਤਾ ਲੱਗਿਆ ਹੈ ਕਿ ਕਰਨਾਲ ਪੁਲੀਸ ਨੇ ਵੀ ਜਲੰਧਰ ਦੇ ਇੱਕ ਟਰੈਵਲ ਏਜੰਟ ਰੌਕੀ ’ਤੇ ਕੇਸ ਦਰਜ ਕੀਤਾ ਹੈ ਜਿਸ ਖਿ਼ਲਾਫ਼ ਦੋਸ਼ ਹੈ ਕਿ ਉਸ ਨੇ ਆਕਾਸ਼ ਨਾਮ ਦੇ ਵਿਅਕਤੀ ਨਾਲ ਧੋਖਾਧੜੀ ਕੀਤੀ ਹੈ। ਜਲੰਧਰ ਪੁਲੀਸ ਵੱਲੋਂ ਇੱਕ ਦਲਾਲ ਨੂੰ ਵੀ ਕਾਬੂ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਉਸ ਕੋਲੋਂ ਕੁੱਝ ਵਰਕ ਵੀਜ਼ਾ ਵੀ ਮਿਲੇ ਹਨ। ਪੰਜਾਬ ਪੁਲੀਸ ਨੇ ਆਪਣੀ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਪਤਾ ਲੱਗਿਆ ਹੈ ਕਿ ਅਮਰੀਕਾ ਤੋਂ ਵਾਪਸ ਆਏ ਬਹੁਤੇ ਪੀੜਤ ਪੁਲੀਸ ਕੇਸ ਦਰਜ ਕਰਾਉਣ ਦੀ ਥਾਂ ਪਹਿਲਾਂ ਏਜੰਟਾਂ ਤੋਂ ਪੈਸਾ ਵਾਪਸ ਲੈਣ ਨੂੰ ਤਰਜੀਹ ਦੇ ਰਹੇ ਹਨ।