ਆਪਣਾ ਪੰਜਾਬ ਮੀਡੀਆ : ਇਕ ਨਵੇਂ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਕਈ ਕੈਨੇਡੀਅਨ ਚਾਹੁੰਦੇ ਹਨ ਕਿ ਕੈਨੇਡਾ ਯੂਰਪੀ ਯੂਨੀਅਨ ਨਾਲ ਜੁੜਨ ਦੇ ਵਿਚਾਰ ਲਈ ਸਾਰੇ ਪੱਖ ਖੁੱਲ੍ਹੇ ਰੱਖੇ। ਮਾਰਚ ਵਿੱਚ ਲੱਗਭਗ 4,000 ਲੋਕਾਂ ‘ਤੇ ਕੀਤੇ ਗਏ ਇਸ ਸਰਵੇਖਣ ਵਿੱਚ ਇੱਕ ਚੌਥਾਈ ਲੋਕਾਂ ਨੇ ਕਿਹਾ ਕਿ ਕੈਨੇਡਾ ਦਾ ਯੂਰਪੀ ਯੂਨੀਅਨ ਵਿੱਚ ਸ਼ਾਮਲ ਹੋਣਾ ਵਧੀਆ ਵਿਚਾਰ ਹੈ। ਇਸ ਤੋਂ ਇਲਾਵਾ 58 ਫੀ ਸਦੀ ਲੋਕਾਂ ਨੇ ਕਿਹਾ ਕਿ ਇਸ ਪ੍ਰਸਤਾਵ ‘ਤੇ ਹੋਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਜਦਕਿ ਬਾਕੀਆਂ ਨੇ ਇਸਨੂੰ ਖ਼ਰਾਬ ਵਿਚਾਰ ਕਰਾਰ ਦਿੱਤਾ।
ਸਰਵੇਖਣ ਨਾਲ ਜੁੜੇ ਅਧਿਕਾਰੀ ਬਰੂਸ ਐਂਡਰਸਨ ਅਨੁਸਾਰ, ਕੈਨੇਡੀਅਨ ਹੁਣ ਅਮਰੀਕਾ ‘ਤੇ ਆਪਣੀ ਆਰਥਿਕ ਨਿਰਭਰਤਾ ਘਟਾਉਣ ਦੇ ਬਦਲ ਲੱਭ ਰਹੇ ਹਨ, ਖ਼ਾਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਏ ਗਏ ਟੈਰਿਫ਼ਸ ਤੋਂ ਬਾਅਦ। ਇਸ ਦੌਰਾਨ ਫਰਾਂਸ ਦੇ ਵਿਦੇਸ਼ ਮੰਤਰੀ ਵੱਲੋਂ ਵੀ ਕੈਨੇਡਾ ਦੇ ਯੂਰਪੀ ਯੂਨੀਅਨ ਵਿੱਚ ਸ਼ਾਮਲ ਹੋਣ ਦਾ ਵਿਚਾਰ ਰੱਖਿਆ ਗਿਆ ਸੀ। ਹਾਲਾਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹ ਯੂਰਪ ਨਾਲ ਵਪਾਰ ਅਤੇ ਸੁਰੱਖਿਆ ਸਬੰਧ ਮਜ਼ਬੂਤ ਕਰਨ ਦੇ ਹੱਕ ਵਿੱਚ ਹਨ, ਪਰ ਅਧਿਕਾਰਕ ਮੈਂਬਰਸ਼ਿਪ ਦੀ ਯੋਜਨਾ ਨਹੀਂ ਹੈ।

