ਵਿਰੋਧੀ ਧਿਰ ਨੇ ਕਿਸੇ ਵੀ ਬਿੱਲ ’ਤੇ ਚਰਚਾ ਦੀ ਮੰਗ ਨਾ ਕੀਤੀ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਪੰਜਾਬ ਵਿਧਾਨ ਸਭਾ ’ਚ ਬਜਟ ਇਜਲਾਸ ਦੇ ਆਖ਼ਰੀ ਦਿਨ ਸਦਨ ਨੇ ਮਹਿਜ਼ ਦਸ ਮਿੰਟਾਂ ’ਚ ਹੀ ਬਿਨਾਂ ਕਿਸੇ ਬਹਿਸ ਤੋਂ ਤਿੰਨ ਅਹਿਮ ਬਿੱਲ ਪਾਸ ਕਰ ਦਿੱਤੇ। ਨਾ ਹਾਕਮ ਧਿਰ ਦੇ ਮੈਂਬਰਾਂ ਨੇ ਬਿੱਲਾਂ ’ਤੇ ਚਰਚਾ ਕੀਤੀ ਅਤੇ ਨਾ ਹੀ ਵਿਰੋਧੀ ਧਿਰ ਨੇ ਬਹਿਸ ਕਰਨ ਦੀ ਮੰਗ ਕੀਤੀ। ਸਿਰਫ਼ ਇੱਕ ਸਰਕਾਰੀ ਮਤੇ ’ਤੇ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਨੇ ਬਹਿਸ ਕੀਤੀ ਅਤੇ ਮਤੇ ਦਾ ਵਿਰੋਧ ਕੀਤਾ। ਇਸ ਮਗਰੋਂ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਸੈਸ਼ਨ ਦੀ ਸਮਾਪਤੀ ਮਗਰੋਂ ਇੱਕ ਸੀਨੀਅਰ ਕਾਂਗਰਸੀ ਵਿਧਾਇਕ ਨੇ ਨਿੱਜੀ ਤੌਰ ’ਤੇ ਕਿਹਾ ਕਿ ਉਨ੍ਹਾਂ ਨੂੰ ਬਿੱਲਾਂ ਦੀਆਂ ਹਾਰਡ ਕਾਪੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਸਿਰਫ਼ ਆਨਲਾਈਨ ਹੀ ਉਪਲਬਧ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹਨਾ ਔਖਾ ਹੈ। ਦੂਜੇ ਪਾਸੇ ਸਦਨ ’ਚ ਅਜਿਹਾ ਇਤਰਾਜ਼ ਕਿਸੇ ਵੀ ਵਿਧਾਇਕ ਵੱਲੋਂ ਨਹੀਂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵਿਧਾਇਕ ਮਨਪ੍ਰੀਤ ਇਆਲੀ ਅਤੇ ਡਾ. ਸੁਖਵਿੰਦਰ ਸੁੱਖੀ ਨੇ ਵੀ ਬਿੱਲਾਂ ’ਤੇ ਬਹਿਸ ਲਈ ਸਮਾਂ ਨਹੀਂ ਮੰਗਿਆ।