ਤੀਜੀ ਜਮਾਤ ’ਚ ਪੜ੍ਹਦੇ ਬੱਚੇ ’ਤੇ ਚੌਥੇ ਹਮਲੇ ਮਗਰੋਂ ਪ੍ਰਿੰਸੀਪਲ ਨੇ ਮਸਲੇ ਪ੍ਰਤੀ ਸੰਜੀਦਗੀ ਦਿਖਾਈ
ਵਿਨੀਪੈਗ : ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇਕ ਸਕੂਲ ਵਿਚ ਪਿਛਲੇ ਕਈ ਦਿਨਾਂ ਤੋਂ ਤੀਜੀ ਜਮਾਤ ਵਿਚ ਪੜ੍ਹਦੇ ਸਿੱਖ ਬੱਚੇ ਉੱਤੇ ਕਈ ਹਮਲੇ ਹੋ ਚੁੱਕੇ ਹਨ। ਸਿੱਖ ਪਰਿਵਾਰ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰਨ ਲੱਗਾ ਹੈ। ਮਾਪਿਆਂ ਨੇ ਦੋਸ਼ ਲਾਇਆ ਕਿ ਬੱਚੇ ਉੱਤੇ ਚੌਥਾ ਹਮਲਾ ਹੋਣ ਮਗਰੋਂ ਸਕੂਲ ਪ੍ਰਿੰਸੀਪਲ ਨੇ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਢੁਕਵੀਂ ਕਾਰਵਾਈ ਨਾ ਹੋਣ ਕਰਕੇ ਉਨ੍ਹਾਂ ਨੂੰ ਹੁਣ ਆਪਣੇ ਬੱਚੇ ਦੀ ਸੁਰੱਖਿਆ ਦੀ ਫ਼ਿਕਰ ਹੈ। ਉਹ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ।
ਮੀਡੀਆ ਰਿਪੋਰਟ ਮੁਤਾਬਕ ਪਰਿਵਾਰ ਦੀ ਪਛਾਣ ਹਾਲਾਂਕਿ ਜਨਤਕ ਨਹੀਂ ਕੀਤੀ ਗਈ। ਬੱਚੇ ਦੀ ਮਾਂ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿਚ ਉਨ੍ਹਾਂ ਵੱਲੋਂ ਆਪਣੇ ਬੱਚੇ ਨੂੰ ਹੈਨੋਵਰ ਪਬਲਿਕ ਸਕੂਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਤਕਰੀਬਨ ਤਿੰਨ ਸੌ ਤੋਂ ਵੀ ਵੱਧ ਬੱਚੇ ਹਨ। ਪਰਿਵਾਰ ਮੁਤਾਬਕ ਸ਼ੁਰੂਆਤ ਵਿਚ ਸਿਰਫ਼ ਜ਼ੁਬਾਨੀ ਕਲਾਮੀ ਹੀ ਬੱਚੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਸੀ, ਪਰ ਜਲਦ ਹੀ ਹਮਲੇ ਸ਼ੁਰੂ ਹੋ ਗਏ।