ਪਿੰਡ ਵਾਸੀ ਸਹਿਮੇ
ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਈ
ਪਠਾਨਕੋਟ : ਆਪਣਾ ਪੰਜਾਬ ਮੀਡੀਆ : ਭਾਰਤ ਵੱਲੋਂ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨੀ ਅਤਿਵਾਦੀਆਂ ਖ਼ਿਲਾਫ਼ ਕੀਤੀ ਕਾਰਵਾਈ ਤੋਂ ਪਾਕਿਸਤਾਨ ਬੁਖ਼ਲਾਹਟ ਵਿੱਚ ਹੈ ਅਤੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਸਰਹੱਦੀ ਖੇਤਰ ਦੇ ਆਲੇ-ਦੁਆਲੇ ਅਤੇ ਹੋਰ ਖੇਤਰਾਂ ਵਿੱਚ ਲੋਕਾਂ ਨੇ ਅੱਜ ਤੜਕੇ ਪਠਾਨਕੋਟ ਏਅਰਬੇਸ ਕੋਲ ਲਾਈਟਾਂ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ। ਇਸ ਨਾਲ ਡਰ ਦਾ ਮਾਹੌਲ ਪੈਦਾ ਹੋ ਗਿਆ। ਸੂਚਨਾ ਮਿਲਦੇ ਸਾਰ ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਤੇ ਪੁਲੀਸ ਦੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਆਪਣੀ ਨਿਗਰਾਨੀ ਹੇਠ ਸਾਰੇ ਸੰਵੇਦਨਸ਼ੀਲ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ।
ਹਾਲਾਂਕਿ ਤਲਾਸ਼ੀ ਮੁਹਿੰਮ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਪਠਾਨਕੋਟ ਏਅਰਬੇਸ ਦੇ ਨਾਲ ਲੱਗਦੇ ਪਿੰਡ ਨੌਸ਼ਹਿਰਾ ਨਲਬੰਦਾ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਵਾ ਕੁ ਪੰਜ ਵਜੇ ਦੇ ਕਰੀਬ ਅਸਮਾਨ ਵਿੱਚੋਂ ਲਾਟੀਆਂ ਨਿਕਲੀਆਂ ਅਤੇ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਉਨ੍ਹਾਂ ਅਤੇ ਹੋਰ ਪਿੰਡ ਵਾਸੀਆਂ ਨੇ ਕੋਠਿਆਂ ’ਤੇ ਚੜ੍ਹ ਕੇ ਦੇਖਿਆ ਤਾਂ ਉਨ੍ਹਾਂ ਨੂੰ ਜਾਪਿਆ ਕਿ ਕੋਈ ਡਰੋਨ ਰਾਹੀਂ ਏਅਰਬੇਸ ਵਾਲੇ ਪਾਸੇ ਕਾਰਵਾਈ ਹੋ ਰਹੀ ਹੈ। ਇਸ ਨਾਲ ਪਿੰਡ ਵਾਸੀ ਵੀ ਸਹਿਮ ਗਏ।