ਬ੍ਰਿਸਬਨ : ਆਪਣਾ ਪੰਜਾਬ ਮੀਡੀਆ : ਆਸਟਰੇਲੀਆ ਦੇ ਪੂਰਬੀ ਤੱਟੀ ਦੇ ਕੁਝ ਹਿੱਸਿਆਂ ਵਿੱਚ ਆਉਣ ਵਾਲੇ ਕੁਝ ਦਿਨਾਂ ’ਚ ਹੜ੍ਹ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕਈ ਜ਼ਖ਼ਮੀ ਹੋਏ ਹਨ। ਚੱਕਰਵਾਤੀ ਤੂਫਾਨ ‘ਅਲਫਰੈੱਡ’ ਦਾ ਜ਼ੋਰ ਘਟਣ ਨਾਲ ਦੱਖਣ-ਪੂਰਬੀ ਕੁਈਨਜ਼ਲੈਂਡ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਭਾਰੀ ਤਬਾਹੀ ਤੋਂ ਬਚਾਅ ਹੋਇਆ ਹੈ। ਪੁਲੀਸ ਮੁਤਾਬਕ ਨਿਊ ਸਾਊਥ ਵੇਲਜ਼ ਨੇੜੇ ਨਦੀ ’ਚ ਡੁੱਬਣ ਵਾਲੇ 61 ਸਾਲਾ ਵਿਅਕਤੀ ਦੀ ਲਾਸ਼ ਮਿਲਣ ਮਗਰੋਂ ਇਸ ਤੂਫ਼ਾਨ ਕਾਰਨ ਹੁਣ ਤੱਕ ਇੱਕ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਟ੍ਰੀਗੀਗਲ ’ਚ ਐਮਰਜੈਂਸੀ ਸੇਵਾਵਾਂ ’ਚ ਜੁਟੇ ਦੋ ਟਰੱਕਾਂ ਦੀ ਟੱਕਰ ਕਾਰਨ ਕਈ ਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ। ‘ਨਾਈਨ ਨੈੱਟਵਰਕ’ ਟੈਲੀਵਿਜ਼ਨ ਤੇ ਹੋਰ ਮੀਡੀਆ ਰਿਪੋਰਟਾਂ ਮੁਤਾਬਕ ਘੱਟੋ-ਘੱਟ 36 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਅੱਠ ਗੰਭੀਰ ਹਨ। ਨਿਊ ਸਾਊਥ ਵੇਲਜ਼ ਮੁਤਾਬਕ ਅੱਜ ਲਗਪਗ 45,000 ਘਰਾਂ ’ਚ ਬਿਜਲੀ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ’ਚ ਹਜ਼ਾਰ ਘਰਾਂ ’ਚ ਬਿਜਲੀ ਬਹਾਲ ਕਰ ਦਿੱਤੀ ਗਈ ਸੀ। ਮੌਸਮ ਵਿਭਾਗ ਮੁਤਾਬਕ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਜ਼ ਵਿੱਚ ਨਦੀਆਂ ’ਚ ਹੜ੍ਹ ਆਏ ਹੋਏ ਹਨ।