ਤਲ ਅਵੀਵ : ਆਪਣਾ ਪੰਜਾਬ ਮੀਡੀਆ : ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ’ਚ ਇਜ਼ਰਾਇਲੀਆਂ ਨੂੰ ਲਿਜਾ ਰਹੀ ਬੱਸ ’ਤੇ ਗੋਲੀਬਾਰੀ ’ਚ ਤਿੰਨ ਵਿਅਕਤੀ ਮਾਰੇ ਗਏ। ਬੰਦੂਕਧਾਰੀਆਂ ਦੇ ਹਮਲੇ ’ਚ ਸੱਤ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਹਮਾਸ ਵੱਲੋਂ 7 ਅਕਤੂਬਰ, 2023 ਨੂੰ ਕੀਤੇ ਗਏ ਹਮਲੇ ਮਗਰੋਂ ਖਿੱਤੇ ’ਚ ਹਿੰਸਾ ਵਧ ਗਈ ਹੈ। ਇਹ ਹਮਲਾ ਫਲਸਤੀਨੀ ਪਿੰਡ ਅਲ-ਫੁੰਦੁਕ ’ਚ ਹੋਇਆ ਹੈ ਜੋ ਖੇਤਰ ਨੂੰ ਪਾਰ ਕਰਨ ਵਾਲੀ ਮੁੱਖ ਪੂਰਬੀ-ਪੱਛਮੀ ਸੜਕਾਂ ’ਚੋਂ ਇਕ ਹੈ।
ਇਜ਼ਰਾਈਲ ਦੀ ਮੈਗਨ ਡੇਵਿਡ ਅਡੋਮ ਬਚਾਅ ਸੇਵਾ ਨੇ ਕਿਹਾ ਕਿ ਹਮਲੇ ’ਚ 60 ਸਾਲ ਦੀਆਂ ਦੋ ਔਰਤਾਂ ਅਤੇ 40 ਵਰ੍ਹਿਆਂ ਦਾ ਇਕ ਵਿਅਕਤੀ ਮਾਰੇ ਗਏ ਹਨ। ਫੌਜ ਨੇ ਕਿਹਾ ਕਿ ਉਹ ਹਮਲਾਵਰਾਂ ਦੀ ਭਾਲ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ 1967 ਦੀ ਜੰਗ ’ਚ ਪੱਛਮੀ ਕੰਢੇ ਅਤੇ ਪੂਰਬੀ ਯੇਰੂਸ਼ਲਮ ’ਤੇ ਕਬਜ਼ਾ ਕਰ ਲਿਆ ਸੀ। ਇਜ਼ਰਾਈਲ ਦੇ ਰੱਖਿਆ ਮੰਤਰੀ ਇਸਰਾਈਲ ਕਾਟਜ਼ ਨੇ ਕਿਹਾ ਕਿ ਉਨ੍ਹਾਂ ਹਮਲੇ ਦਾ ਜ਼ੋਰਦਾਰ ਢੰਗ ਨਾਲ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਜ਼ਰਾਇਲੀ ਆਰਮੀ ਰੇਡੀਓ ਨੇ ਕਿਹਾ ਕਿ ਫੌਜ ਨੇ ਹਮਲੇ ਵਾਲੀ ਥਾਂ ਨੇੜਲੇ ਸਾਰੇ ਪਿੰਡਾਂ ਨੂੰ ਘੇਰਾ ਪਾ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਹਮਲਾਵਰ ਨੇੜਲੇ ਫਲਸਤੀਨੀ ਪਿੰਡ ਵੱਲ ਭੱਜ ਗਏ ਹਨ।