ਕੈਲੀਫੋਰਨੀਆ : ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਨਵੇਂ ਬਣਨ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐੱਚ-1ਬੀ ਵੀਜ਼ਾ ਦੀ ਹਮਾਇਤ ਕੀਤੇ ਜਾਣ ਮਗਰੋਂ ਗੂਗਲ ਤੇ ਮੈਟਾ ਦੇ ਮੁਖੀਆਂ ਸਮੇਤ ਅਮਰੀਕਾ ਦੇ ਅਮੀਰ ਤੇ ਤਾਕਤਵਰ ਲੋਕਾਂ ਨੇ ਟਰੰਪ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ ਹੈ। ਐਲਨ ਮਸਕ ਦੇ ਐੱਚ-1ਬੀ ਵੀਜ਼ਾ ਨੂੰ ਬਰਕਰਾਰ ਰੱਖਣ ਦੀ ਹਮਾਇਤ ਕੀਤੇ ਜਾਣ ਨੇ ਉਨ੍ਹਾਂ ਕੰਪਨੀਆਂ ’ਚ ਰੋਸ ਪੈਦਾ ਕੀਤਾ ਹੈ ਜੋ ਕਿਸੇ ਨਾ ਕਿਸੇ ਢੰਗ ਨਾਲ ਇਮੀਗਰੇਸ਼ਨ ਦੇ ਖ਼ਿਲਾਫ਼ ਹਨ।
ਲਾਸ ਏਂਜਲਸ ਟਾਈਮਜ਼ ਦੇ ਹਵਾਲੇ ਨਾਲ ਸ਼ਿਨਹੂਆ ਖ਼ਬਰ ਏਜੰਸੀ ਨੇ ਕਿਹਾ ਕਿ ਤਕਨੀਕੀ ਤੇ ਹੁਨਰਮੰਦ ਕਾਮਿਆਂ ਲਈ ਰਾਹ ਖੁੱਲ੍ਹਾ ਰੱਖਣ ਨੂੰ ਕਈ ਕਾਰੋਬਾਰੀ ਆਗੂ ਅਮਰੀਕੀ ਅਰਥਚਾਰੇ ਲਈ ਅਹਿਮ ਮੰਨਦੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਅਮਰੀਕਾ ’ਚ ਕੰਮ ਕਰਨ ਲਈ ਯੋਗ ਪੇਸ਼ੇਵਰਾਂ ਦੇ ਪ੍ਰੋਗਰਾਮ ਦੇ ਵਿਰੋਧ ਨੂੰ ਖਾਰਜ ਕਰਦਿਆਂ ਐਲਾਨ ਕੀਤਾ ਸੀ ਕਿ ਉਹ ਐੱਚ-1ਬੀ ਵੀਜ਼ਾ ’ਚ ਯਕੀਨ ਰੱਖਦੇ ਹਨ। ਇਸ ਐਲਾਨ ਨੇ ਉਨ੍ਹਾਂ ਦੇ ਸਲਾਹਕਾਰਾਂ ਐਲਨ ਮਸਕ ਤੇ ਵਿਵੇਕ ਰਾਮਾਸਵਾਮੀ ਖ਼ਿਲਾਫ਼ ਇੱਕ ਧੜਾ ਖੜ੍ਹਾ ਕਰ ਦਿੱਤਾ ਸੀ।