ਸ਼ਾਨਦਾਰ ਲੈਅ ਵਿੱਚ ਚੱਲ ਰਿਹਾ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅੱਜ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਪੁਰਸ਼ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ 38 ਸਥਾਨ ਉਪਰ ਚੜ੍ਹ ਕੇ ਦੂਜੇ ਸਥਾਨ ’ਤੇ ਪਹੁੰਚ ਗਿਆ, ਜਦਕਿ ਉਸ ਦਾ ਸਾਥੀ ਤਿਲਕ ਵਰਮਾ ਇੱਕ ਸਥਾਨ ਹੇਠਾਂ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਅਭਿਸ਼ੇਕ ਨੇ ਮੁੰਬਈ ਵਿੱਚ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਟੀ-20 ਮੈਚ ਵਿੱਚ ਆਪਣੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਪਾਰੀ ਖੇਡਦਿਆਂ 135 ਦੌੜਾਂ ਬਣਾਈਆਂ ਅਤੇ ਭਾਰਤ ਨੂੰ 4-1 ਨਾਲ ਲੜੀ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਆਪਣੀ 54 ਗੇਂਦਾਂ ਦੀ ਪਾਰੀ ਵਿੱਚ 13 ਛੱਕੇ ਮਾਰੇ। ਇਸ ਪ੍ਰਦਰਸ਼ਨ ਸਦਕਾ 24 ਸਾਲਾ ਅਭਿਸ਼ੇਕ ਨੇ ਤਾਜ਼ਾ ਰੈਂਕਿੰਗ ਵਿੱਚ ਵੱਡੀ ਛਾਲ ਮਾਰੀ ਹੈ।