ਸਰੋਵਰ ਵਿੱਚ ਡਿੱਗੀਆਂ ਫੁੱਲ ਪੱਤੀਆਂ ਦੀ ਸਫਾਈ ਲਈ ਵਰਤੀ ਜਾ ਰਹੀ ਹੈ ਕਿਸ਼ਤੀ
ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਕੈਨੇਡਾ ਵਾਸੀ ਸ਼ਰਧਾਲੂ ਪਰਿਵਾਰ ਵੱਲੋਂ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਸਾਫ ਸਫਾਈ ਲਈ ਸੁਨਹਿਰੀ ਕਿਸ਼ਤੀ ਗੁਰੂ ਘਰ ਨੂੰ ਭੇਟ ਕੀਤੀ ਗਈ ਹੈ, ਜੋ ਇਸ ਵੇਲੇ ਇੱਥੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸ਼ਰਧਾਲੂ ਪਰਿਵਾਰ ਗੁਰਜੀਤ ਸਿੰਘ, ਉਸ ਦੇ ਭਰਾ ਮਨਦੀਪ ਸਿੰਘ ਤੇ ਮਾਤਾ ਮਲਕੀਤ ਕੌਰ ਖਾਲਸਾ ਵੱਲੋਂ ਇਹ ਕਿਸ਼ਤੀ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਵਸ ਮੌਕੇ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ।
ਜ਼ਿਕਰਯੋਗ ਹੈ ਕਿ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਡਿੱਗੀਆਂ ਫੁੱਲ ਪੱਤੀਆਂ ਆਦਿ ਦੀ ਸਾਫ ਸਫਾਈ ਲਈ ਪਹਿਲਾਂ ਵੀ ਸੇਵਾਦਾਰ ਵੱਲੋਂ ਕਿਸ਼ਤੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਰਾਹੀਂ ਉਹ ਜਾਲੀ ਦੀ ਵਰਤੋਂ ਕਰਕੇ ਅਜਿਹੀਆਂ ਫੁੱਲ ਪੱਤੀਆਂ ਨੂੰ ਬਾਹਰ ਕੱਢਦੇ ਹਨ ਅਤੇ ਸਰੋਵਰ ਨੂੰ ਸਾਫ ਸੁਥਰਾ ਰੱਖਣ ਦਾ ਯਤਨ ਕਰਦੇ ਹਨ। ਹੁਣ ਇਸ ਦੀ ਥਾਂ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਸੁਨਹਿਰੀ ਕਿਸ਼ਤੀ ਤੈਰਦੀ ਨਜ਼ਰ ਆ ਰਹੀ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਬੇੜੀ ਤੇ ਧਾਤ ਦੀ ਵਰਤੋਂ ਲਈ ਵਿਗਿਆਨਿਕ ਸਿਧਾਂਤ ਮੁਤਾਬਕ ਪਾਲਣਾ ਕੀਤੀ ਗਈ ਹੈ ਤਾਂ ਜੋ ਇਸ ਦਾ ਪਾਣੀ ਵਿੱਚ ਸੰਤੁਲਨ ਬਣਿਆ ਰਹੇ।