ਮੁਲਜ਼ਮਾਂ ਕੋਲੋਂ 479 ਕਿਲੋ ਕੋਕੀਨ ਬਰਾਮਦ
ਅਮਰੀਕਾ ਤੋਂ ਟਰੱਕਾਂ-ਟਰਾਲਿਆਂ ਰਾਹੀਂ ਲਿਆਂਦਾ ਜਾ ਰਿਹਾ ਸੀ ਨਸ਼ਾ
ਵੈਨਕੂਵਰ : ਆਪਣਾ ਪੰਜਾਬ ਮੀਡੀਆ : ਪੀਲ ਪੁਲੀਸ ਨੇ 479 ਕਿਲੋ ਕੋਕੀਨ ਸਮੇਤ ਛੇ ਪੰਜਾਬੀਆਂ ਨਾਲ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬੀ ਨੌਜਵਾਨ ਬਰੈਂਪਟਨ, ਕੈਲੇਡਨ ਤੇ ਕੈਂਬ੍ਰਿਜ ਦੇ ਵਾਸੀ ਹਨ। ਬਰਾਮਦ ਕੀਤੇ ਨਸ਼ੇ ਦੀ ਬਾਜ਼ਾਰੀ ਕੀਮਤ 5 ਕਰੋੜ ਡਾਲਰ (300 ਕਰੋੜ ਰੁਪਏ) ਹੈ। ਪੁਲੀਸ ਪੁਲੀਸ ਨੇ ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (ਸੀਬੀਐੱਸਏ) ਅਤੇ ਅਮਰੀਕਾ ਦੇ ਘਰੇਲੂ ਸੁਰੱਖਿਆ ਤੇ ਕਸਟਮ ਵਿਭਾਗ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਇਸ ’ਚੋਂ ਕੁੱਝ ਨਸ਼ਾ ਟਰੱਕਾਂ ’ਚ ਬਣਵਾਏ ਗੁਪਤ ਖਾਨਿਆਂ ’ਚ ਰੱਖਿਆ ਗਿਆ ਸੀ ਤੇ ਕੁਝ ਟੋਰਾਂਟੋ ਵਿਚਲੇ ਤਸਕਰਾਂ ਦੇ ਟਿਕਾਣਿਆਂ ਤੋਂ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਪੰਜਾਬੀਆਂ ਦੀ ਪਛਾਣ ਬਰੈਂਪਟਨ ਵਾਸੀ ਮਨਪ੍ਰੀਤ ਸਿੰਘ (44) ਤੇ ਅਰਵਿੰਦਰ ਪਵਾਰ (29), ਕੈਲੇਡਨ ਰਹਿੰਦੇ ਗੁਰਤੇਜ ਸਿੰਘ (36) ਤੇ ਕਰਮਜੀਤ ਸਿੰਘ (36), ਕੈਂਬ੍ਰਿਜ ਵਾਸੀ ਸਰਤਾਜ ਸਿੰਘ (27) ਤੇ ਜੌਰਜਟਾਊਨ ਰਹਿੰਦੇ ਸ਼ਿਵਉਂਕਾਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੇ ਤਿੰਨ ਸਾਥੀ ਹੋਰ ਭਾਈਚਾਰਿਆਂ ਨਾਲ ਸਬੰਧਤ ਹਨ। ਮੁਲਜ਼ਮਾਂ ਕੋਲੋਂ ਦੋ ਬੰਦੂਕਾਂ ਵੀ ਬਰਾਮਦ ਹੋਈਆਂ ਹਨ। ਸਾਰਿਆਂ ਖ਼ਿਲਾਫ਼ 35 ਵੱਖ-ਵੱਖ ਅਪਰਾਧਾਂ ਹੇਠ ਕੇਸ ਦਰਜ ਕੀਤਾ ਗਿਆ ਹੈ।