ਓਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਇਟਲੀ ਦੀ ਟੈਨਿਸ ਜੋੜੀ ਸਾਰਾ ਇਰਾਨੀ ਅਤੇ ਜੈਸਮੀਨ ਪਾਓਲਿਨੀ ਨੇ ਆਪਣਾ ਪਹਿਲਾ ਫਰੈਂਚ ਓਪਨ ਮਹਿਲਾ ਡਬਲਜ਼ ਖਿਤਾਬ ਜਿੱਤਿਆ, ਜਦਕਿ ਮਾਰਸੇਲ ਗ੍ਰੈਨੋਲਰਜ਼ ਅਤੇ ਹੋਰਾਸੀਓ ਜ਼ੇਬਾਲੋਸ ਦੀ ਜੋੜੀ ਪੁਰਸ਼ ਡਬਲਜ਼ ਵਿੱਚ ਚੈਂਪੀਅਨ ਬਣ ਗਈ ਹੈ। ਪਿਛਲੇ ਸਾਲ ਉਪ ਜੇਤੂ ਰਹੀ ਇਰਾਨੀ ਤੇ ਪਾਓਲਿਨੀ ਦੀ ਜੋੜੀ ਨੇ ਐਨਾ ਡੈਨੀਲਿਨਾ ਅਤੇ ਅਲੈਗਜ਼ੈਂਡਰਾ ਕਰੂਨਿਕ ਨੂੰ 6-4, 2-6, 6-1 ਨਾਲ ਹਰਾਇਆ। ਇਤਾਲਵੀ ਜੋੜੀ ਨੇ ਪਿਛਲੇ ਸਾਲ ਇਸੇ ਸਥਾਨ ’ਤੇ ਓਲੰਪਿਕ ਸੋਨ ਤਗਮਾ ਜਿੱਤਿਆ ਸੀ। ਇਹ ਇਰਾਨੀ ਦਾ ਮਹਿਲਾ ਡਬਲਜ਼ ਵਿੱਚ ਛੇਵਾਂ ਗਰੈਂਡ ਸਲੈਮ ਖਿਤਾਬ ਅਤੇ ਦੂਜਾ ਫਰੈਂਚ ਓਪਨ ਖਿਤਾਬ ਹੈ। ਪਹਿਲਾਂ ਉਸ ਦੀ ਰੌਬਰਟਾ ਵਿੰਚੀ ਨਾਲ ਜੋੜੀ ਬਹੁਤ ਸਫਲ ਰਹੀ ਸੀ।
ਪੁਰਸ਼ ਡਬਲਜ਼ ਵਿੱਚ ਸਪੇਨ ਦੇ 39 ਸਾਲਾ ਗ੍ਰੈਨੋਲਰਜ਼ ਅਤੇ ਅਰਜਨਟੀਨਾ ਦੇ 40 ਸਾਲਾ ਜ਼ੇਬਾਲੋਸ ਦੀ ਜੋੜੀ ਚੌਥੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਅਤੇ ਪਹਿਲੀ ਵਾਰ ਚੈਂਪੀਅਨ ਬਣਨ ਵਿੱਚ ਸਫਲ ਰਹੀ। ਫਰੈਂਚ ਓਪਨ ਵਿੱਚ ਪੰਜਵਾਂ ਦਰਜਾ ਪ੍ਰਾਪਤ ਇਸ ਜੋੜੀ ਨੇ ਫਾਈਨਲ ਵਿੱਚ ਜੋਅ ਸੈਲਿਸਬਰੀ ਅਤੇ ਨੀਲ ਸਕੂਪਸਕੀ ਦੀ ਬਰਤਾਨਵੀ ਜੋੜੀ ਨੂੰ 6-0, 6-7 (5), 7-5 ਨਾਲ ਹਰਾਇਆ। ਗ੍ਰੈਨੋਲਰਜ਼ ਅਤੇ ਜ਼ੇਬਾਲੋਸ 2019 ਯੂਐਸ ਓਪਨ ਅਤੇ 2021 ਤੇ 2023 ਵਿੰਬਲਡਨ ਵਿੱਚ ਉਪ ਜੇਤੂ ਰਹੇ ਸਨ। ਸੈਲਿਸਬਰੀ ਅਤੇ ਸਕੂਪਸਕੀ ਓਪਨ ਯੁਗ ਵਿੱਚ ਗਰੈਂਡ ਸਲੈਮ ਪੁਰਸ਼ ਡਬਲਜ਼ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਬਰਤਾਨਵੀ ਜੋੜੀ ਸੀ।