ਕਰਨਾਟਕ ਹਾਈ ਕੋਰਟ ਨੇ ਇੱਥੋਂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ 4 ਜੂਨ ਨੂੰ ਹੋਈ ਭਗਦੜ ਦੀ ਘਟਨਾ ਸੰਬੰਧੀ ਅਰਜ਼ੀ ’ਤੇ ਅਗਲੀ ਸੁਣਵਾਈ ਲਈ 12 ਜੂਨ ਦੀ ਮਿਤੀ ਤੈਅ ਕੀਤੀ ਹੈ। ਇਸ ਭਗਦੜ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਅਦਾਲਤ ਨੇ ਐਡਵੋਕੇਟ ਜਨਰਲ ਸ਼ਸ਼ੀ ਕਿਰਨ ਸ਼ੈੱਟੀ ਨੂੰ ਸੀਲਬੰਦ ਲਿਫਾਫੇ ਵਿੱਚ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ। ਸੁਣਵਾਈ ਦੌਰਾਨ ਸ਼ੈੱਟੀ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਆਪਣਾ ਜਵਾਬ ਦਾਖਲ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਨਿਆਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਨੂੰ ਰਿਪੋਰਟ ਪੇਸ਼ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਕਾਰਜਕਾਰੀ ਚੀਫ਼ ਜਸਟਿਸ ਵੀ ਕਾਮੇਸ਼ਵਰ ਰਾਓ ਅਤੇ ਜਸਟਿਸ ਸੀਐਮ ਜੋਸ਼ੀ ਨੇ ਖ਼ੁਦ ਦਾਇਰ ਇਸ ਪਟੀਸ਼ਨ ’ਤੇ ਸੁਣਵਾਈ ਕੀਤੀ। ਵਿਧਾਨ ਪਰਿਸ਼ਦ ਦੇ ਇਕ ਸਾਬਕਾ ਮੈਂਬਰ ਨੇ ਇਸ ਅਰਜ਼ੀ ਵਿੱਚ ਧਿਰ ਬਣਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਕ ਵਕੀਲ ਨੇ ਕਿਹਾ ਕਿ ਉਹ ਵੀ ਭਗਦੜ ਸੰਬੰਧੀ ਇਕ ਲੋਕਹਿਤ ਅਰਜ਼ੀ ਦਾਖਲ ਕਰ ਰਹੇ ਹਨ।