ਇਜ਼ਰਾਇਲੀ ਅੰਬੈਸੀ ਦੇ ਦੋ ਸਟਾਫ਼ਰ ਹਲਾਕ
ਪੁਲੀਸ ਵੱਲੋਂ ਮਸ਼ਕੂਕ ਗ੍ਰਿਫ਼ਤਾਰ
ਰਾਸ਼ਟਰਪਤੀ ਟਰੰਪ ਵੱਲੋਂ ਘਟਨਾ ਦੀ ਨਿਖੇਧੀ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਯਹੂਦੀ ਮਿਊਜ਼ੀਅਮ ਦੇ ਬਾਹਰ ਇਜ਼ਰਾਇਲੀ ਅੰਬੈਸੀ ਦੇ ਦੋ ਸਟਾਫ਼ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਨੇ ਗੋਲੀਆਂ ਚਲਾਉਣ ਵਾਲੇ ਮਸ਼ਕੂਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਜ਼ਰਾਇਲੀ ਅੰਬੈਸੀ ਦੇ ਇਹ ਦੋਵੇਂ ਮੈਂਬਰ, ਜਿਨ੍ਹਾਂ ਵਿਚੋਂ ਇਕ ਮਹਿਲਾ ਹੈ, ਮਿਊਜ਼ੀਅਮ ਵਿਚ ਇਕ ਸਮਾਗਮ ’ਚ ਹਾਜ਼ਰੀ ਭਰਨ ਮਗਰੋਂ ਉਥੋਂ ਜਾ ਰਹੇ ਸਨ। ਮਸ਼ਕੂਕ ਨੇ ਗੋਲੀਆਂ ਚਲਾਉਣ ਮਗਰੋਂ ‘ਫ੍ਰੀ ਫ੍ਰੀ ਫਲਸਤੀਨ’ (ਫਲਸਤੀਨ ਨੂੰ ਆਜ਼ਾਦ ਕਰੋ) ਦੇ ਨਾਅਰੇ ਲਾਏ। ਮਸ਼ਕੂਕ ਦੀ ਪਛਾਣ ਸ਼ਿਕਾਗੋ ਦੇ ਰਹਿਣ ਵਾਲੇ (Elias Rodriguez) (30) ਵਜੋਂ ਦੱਸੀ ਗਈ ਹੈ।
ਮੈਟਰੋਪਾਲਿਟਨ ਪੁਲੀਸ ਦੇ ਮੁਖੀ ਪਾਮੇਲਾ ਸਮਿਥ ਨੇ ਕਿਹਾ ਕਿ ਮਸ਼ਕੂਕ ਨੂੰ ਗੋਲੀਬਾਰੀ ਤੋਂ ਪਹਿਲਾਂ ਅਜਾਇਬ ਘਰ ਦੇ ਬਾਹਰ ਘੁੰਮਦੇ ਦੇਖਿਆ ਗਿਆ ਸੀ। ਗੋਲੀਬਾਰੀ ਤੋਂ ਬਾਅਦ ਉਹ ਮਿਊਜ਼ੀਅਮ ਵਿੱਚ ਚਲਾ ਗਿਆ, ਜਿੱਥੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਧਰ ਅਮਰੀਕਾ ਵਿਚ ਇਜ਼ਰਾਇਲੀ ਰਾਜਦੂਤ (Yechiel Leiter) ਨੇ ਕਿਹਾ ਕਿ ਮਾਰੇ ਗਏ ਦੋਵੇਂ ਜਣੇ ਇੱਕ ਨੌਜਵਾਨ ਜੋੜਾ ਸਨ ਜਿਨ੍ਹਾਂ ਦੀ ਮੰਗਣੀ ਹੋਣ ਵਾਲੀ ਸੀ।