ਸਾਊਦੀ ਅਰਬ ’ਚ ਮੁਲਾਕਾਤ ਨਾਲ ਨਵੇਂ ਆਲਮੀ ਸਮੀਕਰਨ ਬਣਨ ਦੀ ਸੰਭਾਵਨਾ
ਦੋਵੇਂ ਮੁਲਕਾਂ ਦੇ ਆਗੂਆਂ ਵਿਚਕਾਰ 25 ਸਾਲਾਂ ਮਗਰੋਂ ਇਹ ਪਹਿਲੀ ਮੁਲਾਕਾਤ
ਰਿਆਧ : ਆਪਣਾ ਪੰਜਾਬ ਮੀਡੀਆ : ਰਾਸ਼ਟਰਪਤੀ ਡੋਨਲਡ ਟਰੰਪ ਨੇ ਸੀਰੀਆ ਦੇ ਅੰਤਰਿਮ ਰਾਸ਼ਟਰਪਤੀ ਅਹਿਮਦ ਅਲ-ਸ਼ਰਾ ਨਾਲ ਸਾਊਦੀ ਅਰਬ ’ਚ ਮੁਲਾਕਾਤ ਕੀਤੀ। ਦੋਵੇਂ ਮੁਲਕਾਂ ਦੇ ਆਗੂਆਂ ਵਿਚਕਾਰ 25 ਸਾਲਾਂ ਮਗਰੋਂ ਇਹ ਪਹਿਲੀ ਮੁਲਾਕਾਤ ਹੈ। ਖਾੜੀ ਸਹਿਯੋਗ ਪਰਿਸ਼ਦ ਦੇ ਆਗੂਆਂ ਨਾਲ ਮੀਟਿੰਗ ਤੋਂ ਵੱਖ ਟਰੰਪ ਵੱਲੋਂ ਸੀਰੀਆ ਦੇ ਆਗੂ ਨਾਲ ਮੁਲਾਕਾਤ ਕੀਤੇ ਜਾਣ ਨਾਲ ਨਵੇਂ ਆਲਮੀ ਸਮੀਕਰਨ ਬਣਨੇ ਸ਼ੁਰੂ ਹੋ ਗਏ ਹਨ। ਟਰੰਪ ਨੇ ਸੀਰੀਆ ’ਤੇ ਸਾਬਕਾ ਤਾਨਸ਼ਾਹ ਬਸ਼ਰ ਅਸਦ ਦੇ ਰਾਜ ਦੌਰਾਨ ਲਾਈਆਂ ਪਾਬੰਦੀਆਂ ਹਟਾਉਣ ਦੇ ਵੀ ਸੰਕੇਤ ਦਿੱਤੇ ਹਨ।
ਟਰੰਪ ਨੇ ਕਿਹਾ ਕਿ ਸਾਊਦੀ ਅਰਬ ਦੇ ‘ਕ੍ਰਾਊਨ ਪ੍ਰਿੰਸ’ ਮੁਹੰਮਦ ਬਿਨ ਸਲਮਾਨ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੌਗਾਂ ਨੇ ਉਨ੍ਹਾਂ ਨੂੰ ਅਲ-ਸ਼ਰਾ ਨਾਲ ਮਿਲਣ ਲਈ ਹੱਲਾਸ਼ੇਰੀ ਦਿੱਤੀ। ਕਰੀਬ 33 ਮਿੰਟ ਤੱਕ ਚੱਲੀ ਮੀਟਿੰਗ ਦੌਰਾਨ ਮੁਹੰਮਦ ਬਿਨ ਸਲਮਾਨ ਵੀ ਹਾਜ਼ਰ ਸਨ। ਉਂਝ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਰੰਪ ਨੂੰ ਆਖਿਆ ਸੀ ਕਿ ਉਹ ਸੀਰੀਆ ਤੋਂ ਪਾਬੰਦੀਆਂ ਨਾ ਹਟਾਵੇ। ਟਰੰਪ ਅਤੇ ਸ਼ਰਾ ਵਿਚਕਾਰ ਜਿਵੇਂ ਹੀ ਮੀਟਿੰਗ ਹੋਈ ਤਾਂ ਸੀਰੀਆ ਦੇ ਲੋਕਾਂ ਨੇ ਆਤਿਸ਼ਬਾਜ਼ੀ ਕਰਕੇ ਜਸ਼ਨ ਮਨਾਇਆ। ਜ਼ਿਕਰਯੋਗ ਹੈ ਕਿ ਅਲ-ਸ਼ਰਾ ਦੇ ਅਲ-ਕਾਇਦਾ ਨਾਲ ਸਬੰਧ ਰਹੇ ਸਨ।